ਮੇਰੀ ਮਾਂ ਨੇ ਮੇਰੀ ਚੰਗੀ ਛਿੱਲ ਲਾਹੀ।
ਅੱਜ ਸਵੇਰੇ ਹੀ ਬਚਪਣ ਦੀ ਇੱਕ ਘਟਨਾ ਯਾਦ ਆ ਗਈ। ਉਸ ਘਟਨਾ ਨੇ ਉਸ ਸਮੇ ਦੇ ਅੱਜ ਦੇ ਹਲਾਤਾਂ ਦਾ ਫਰਕ ਦਿਖਾ ਦਿੱਤਾ। ਇਹ ਗੱਲ 1970_71 ਦੀ ਹੋਵੇ ਗੀ। ਮੈਂ ਚੋਥੀ ਜਾ ਪੰਜਵੀ ਵਿੱਚ ਪੜ੍ਹਦਾ ਸੀ। ਸਾਡੇ ਸਕੂਲ ਦੀਆਂ ਆਧਿਆਪਕਾਵਾਂ (ਭੈਣਜੀਆਂ) ਨਾਲ ਸਾਡੇ ਪਰਿਵਾਰ ਦੇ ਬਹੁਤ ਚੰਗੇ ਸਬੰਧ ਹੁੰਦੇ ਸਨ। ਸਾਡੀਆਂ ਭੈਣਜੀਆਂ ਸਾਡੇ ਘਰ ਅਕਸਰ ਹੀ ਆਉਂਦੀਆਂ ਸਨ। ਜੋ ਭੈਣਜੀ ਨਵੀਂ ਆਉਦੀ ਉਸ ਨੂੰ ਮੇਰੇ ਮਾਤਾ ਜੀ ਖੁੱਦ ਘਰ ਬੁਲਾ ਲਿਆਉਂਦੇ ਤੇ ਚਾਹ ਪਾਣੀ ਪਿਲਾਉਂਦੇ। ਬਾਕੀ ਉਹ ਵੀ ਚਾਹ ਪਾਣੀ ਰੋਟੀ ਵੇਲੇ ਕੁਵੇਲੇ ਸਾਡੇ ਘਰੋਂ ਹੀ ਮੰਗਵਾਉਦੀਆਂ। ਉਹਨਾ ਭੈਣਜੀਆਂ ਵਿੱਚ ਜੀਤ ਭੈਣ ਜੀ, ਨਿਰਮਲ ਭੈਣ ਜੀ, ਬਲਵਿੰਦਰ ਭੈਣ ਜੀ, ਮਹਿੰਦਰ ਭੈਣ ਜੀ ਤੇ ਬਲਵੰਤ ਭੈਣ ਜੀ (ਜਿਨ੍ਹਾ ਦੀ ਬੇਟੀ ਬਾਦ ਵਿੱਚ ਜਿਲਾ ਸਿੱਖਿਆ ਅਫਸਰ ਮੁਕਤਸਰ ਬਣੇ) ਸਾਡੇ ਖਾਸ ਤੇ ਪਾਰਵਾਰਿਕ ਸਨ। ਕ੍ਰਿਸਨਾ ਭੈਣ ਜੀ ਜੋ ਹਿੰਦੀ ਪੜਾਉਂਦੇ ਸਨ ਵੀ ਮੇਰੇ ਮਾਮਾ ਸ੍ਰੀ ਵਿਸਵ ਭੂਸਣ ਦੇ ਜਾਣਕਾਰਾ ਸਨ।ਮੈਨੂੰ ਬਹੁਤ ਪ੍ਰੇਮ ਕਰਦੇ ਸਨ।ਦੋ ਨਵੀਆਂ ਭੈਣ ਜੀਆਂ ਸਕੂਲ ਵਿੱਚ ਆਈਆਂ। ਉਹ ਮੇਰੇ ਵਰਤਮਾਨ ਸਹਿਰ ਡੱਬਵਾਲੀ ਤੋਂ ਸਨ। ਪਤਾ ਨਹੀ ਕਿਉਂ ਉਹਨਾ ਨੇ ਸਾਡੇ ਪਿੰਡ ਡਿੱਗੀ ਦੇ ਸਾਹਮਣੇ ਬਾਬੇ ਮੁਖਤਿਆਰ ਸਿੰਘ ਕਾ ਕਮਰਾ ਕਿਰਾਏ ਤੇ ਲੈ ਲਿਆ। ਉਹ ਸਹਿਰ ਰਹਿੰਦੀ ਮੇਰੀ ਮਾਸੀ ਦੇ ਪਰਿਵਾਰ ਦੀ ਜਾਣ ਪਹਿਚਾਣ ਵਿੱਚੋਂ ਵੀ ਸਨ। ਤੇ ਮੇਰੀ ਮਾਸੀ ਨੇ ਉਹਨਾ ਨੂੰ ਮੇਰੀ ਮਾਂ ਬਾਰੇ ਦੱਸਿਆ ਸੀ ਤੇ ਮੇਰੀ ਮੇਰੀ ਮਾਂ ਕੋਲ ਵੀ ਉਹਨਾ ਬਾਰੇ ਜਿਕਰ ਕੀਤਾ ਸੀ। ਮੇਰੀ ਮਾਂ ਮੈਨੂੰ ਨਾਲ ਲੈ ਕੇ ਉਹਨਾ ਨੂੰ ਚਾਹ ਲਈ ਸੱਦਾ ਦੇਣ ਗਈ। ਉਹ ਅਜੇ ਉਸੇ ਦਿਨ ਹੀ ਸਹਿਰੋਂ ਆਈਆਂ ਸਨ।ਇਸ ਕਰਕੇ ਉਸ ਦਿਨ ਖਾਣ ਪੀਣ ਦਾ ਕੋਟਾ ਉਹਨਾ ਕੋਲੇ ਪੂਰਾ ਸੀ। ਉਹਨਾ ਨੇ ਸਾਡੀ ਮਾਂ ਪੁੱਤ ਦੀ ਖੂਬ ਆਉ ਭਗਤ ਕੀਤੀ।
ਸਹਿਰੀ ਮਰਿਆਦਾ ਅਨੁਸਾਰ ਉਹਨਾਂ ਨੇ ਇੱਕ ਪਲੇਟ ਵਿੱਚ ਸੰਤਰੇ ਦੀ ਇੱਕਲੀ ਇੱਕਲੀ ਫਾੜੀ ਛਿੱਲਕੇ ਤੇ ਸਾਫ ਕਰਕੇ ਸਜਾਈ ਤੇ ਦੂਜੀ ਪਲੇਟ ਵਿੱਚ ਇੱਕ ਕੇਲੇ ਨੂੰ ਗੋਲ ਗੋਲ ਕੱਟ ਕੇ ਸਜਾ ਦਿੱਤਾ। ਤੇ ਉੱਪਰ ਚਾਟ ਮਸਾਲਾ ਧੂੜ ਦਿੱਤਾ। ਹੁਣ ਅਸੀ ਤੇ ਹੋਏ ਪੂਰੇ ਪੇਂਡੂ, ਪੂਰਾ ਕੇਲਾ ਤੇ ਪੂਰਾ ਸੰਤਰਾ ਖਾਣ ਵਾਲੇ। ਆਹ ਟਸਣ ਜਿਹੇ ਪਹਿਲੀ ਵਾਰ ਦੇਖੇ ਸਨ। ਮੇਰੀ ਮਾਂ ਤੇ ਭੈਣ ਜੀਆਂ ਤਾਂ ਗੱਲੀਂ ਲੱਗ ਗਈਆਂ ਤੇ ਯਾਰਾ ਨੇ ਪੂਰੀ ਪਲੇਟ ਹੀ ਰਗੜ ਤੀ। ਇਉਂ ਟੁੱਟ ਕੇ ਪੈ ਗਏ ਜਿਵੇਂ ਕੇਲੇ ਸੰਤਰੇ ਕਦੇ ਦੇਖੇ ਹੀ ਨਾ ਹੋਣ। ਮੇਰੀ ਮਾਂ ਨੇ ਬਹੁਤ ਵਾਰੀ ਇਸਾਰੇ ਨਾਲ ਸਮਝਾਉਣ ਦੀ ਕੋਸਿਸ ਕੀਤੀ ।ਉਹਨਾਂ ਤੋਂ ਚੋਰੀਓਂ ਮੇਰਾ ਹੱਥ ਫ੍ਹੜ ਕੇ ਵੀ ਮੈਨੂੰ ਰੋਕਣਾ ਚਾਹਿਆ । ਪਰ ਉਸ ਸਮੇਂ ਉਮਰ ਹੀ ਐਸੀ ਸੀ ਕਿ ਲਾਤੋਂ ਕੇ ਭੂਤ____ ਵਾਲੀ ਗੱਲ ਸੀ।
ਉਹਨਾਂ ਤੋਂ ਵਿਦਾ ਲੈ ਕੇ ਅਸੀ ਮਾਂ ਪੁੱਤ ਘਰੇ ਆ ਗਏ। ਪਰ ਘਰੇ ਆ ਕੇ ਮੇਰੇ ਨਾਲ ਜੋ ਹੋਈ ਉਹ ਲਿਖਣ ਸੁਨਣ ਤੋ ਪਰ੍ਹੇ ਹੈ। ਮਾਫੀ ਦਾ ਤਾਂ ਸਵਾਲ ਹੀ ਨਹੀ ਸੀ ਤੇ ਚੱਪਲਾਂ ਦੀ ਬਰਸਾਤ ਜਾਰੀ ਸੀ। ਕਿਉਂਕਿ ਮੇਰੀ ਮਾਂ ਨੇ ਇਸ ਗੱਲ ਦੀ ਬਹੁਤ ਬੇਜਿੱਤੀ ਮਹਿਸੂਸ ਕੀਤੀ ਕਿ ਮੈਂ ਉਥੇ ਭੁੱਖ ਦਿਖਾਈ। ਤੇ ਮਾਂ ਮੈਨੂੰ ਅੱਗੇ ਤੋਂ ਅਜੇਹਾ ਨਾ ਕਰਣ ਦਾ ਸਬਕ ਸਿਖਾਉਣਾ ਚਾਰੁੰਦੀ ਸੀ ਉਹ।
ਰਮੇਸ ਸੇਠੀ ਬਾਦਲ
ਮੋ 98 766 27233

No comments:
Post a Comment