Friday, 28 June 2013

ਮੇਰੇ ਪਾਪਾ ਦੀ ਨਸੀਅਤ


                                                       ਮੇਰੇ ਪਾਪਾ ਦੀ ਨਸੀਅਤ

  ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੀ ਅੋਲਾਦ ਨੂੰ ਆਉਣ ਵਾਲੇ ਸਮੇਂ ਬਾਰੇ ਸੁਚੇਤ ਕਰੇ। ਜਿੰਦਗੀ ਦੇ ਹਰ ਮੋੜ ਬਾਰੇ ਪੂਰੀ ਜਾਣਕਾਰੀ ਦੇਵੇ। ਉਹ ਕੋਈ ਮੋਕਾ ਅੰਜਾਂਈ ਨਹੀ ਜਾਣ ਦੇਣਾ ਚਾਹੁੰਦਾ। ਖਾਸ ਕਰ ਉਹ ਲੋਕ ਜੋ ਸਾਧੂ ਪਰਵਿਰਿਤੀ ਦੇ ਹੁੰਦੇ ਹਨ ਤੇ ਜਿੰਨਾ ਨੂੰ ਆਪਣੀ ਮੋਤ ਦਾ ਪਹਿਲਾ ਗਿਆਨ ਹੋ ਜਾਂਦਾ ਹੈ।ਉਹ ਆਨੀ ਬਹਾਨੀ ਆਪਣੀ ਅੋਲਾਦ ਨੂੰ ਸਮਝਾਉਣ ਦਾ ਬਹਾਨਾ ਲੱਭਦੇ ਹਨ। ਇੱਕ ਘਟਨਾ ਜੋ ਇਸੇ ਵਿਸੇ ਨਾਲ ਜੁੜੀ ਹੈ ਮੇਰੇ ਜੀਵਨ ਵਿੱਚ ਖਾਸ ਸਥਾਨ ਰੱਖਦੀ ਹੈ।
ਗੱਲ 29 ਅਕਤੂਬਰ 2003 ਦੀ ਹੈ। ਮੈਨੂੰ ਮੇਰੇ ਦਫਤਰ ਵਿੱਚ ਮੇਰੀ ਮਾਤਾ ਦਾ ਫੋਨ ਆਉਂਦਾ ਹੈ ਕਿ ਸੁਣਿਆ ਹੈ ਤੇਰੇ ਪਾਪਾ ਜੀ ਦਾ ਐਕਸੀਡੈਂਟ ਹੋ ਗਿਆ ਹੈ। ਮੈਂ ਦਫਤਰ ਤੋਂ ਬਾਈਕ ਲੈ ਕੇ ਦੱਸੇ ਪਤੇ ਤੇ ਸਰਕਾਰੀ ਹਸਪਤਾਲ ਪਹੁੰਚ ਦਾ ਹਾਂ ਤੇ ਦੇਖਦਾ ਹਾਂ ਕਿ ਮੇਰੇ ਪਾਪਾ ਜੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਹਨ। ਮੋਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਸੇਵਾ ਕਾਰਜਾਂ ਤੇ ਗਏ ਸਨ ਤੇ ਕਿਸੇ ਬਿਰਧ ਅੋਰਤ ਨੂੰ ਸਕੂਟਰ ਤੇ ਬਿਠਾ ਕੇ ਸੜਕ ਪਾਰ ਕਰ ਰਹੇ ਸਨ ਕਿ ਪਿੱਛੋਂ ਤੇਜ ਗਤੀ ਨਾਲ  ਆ  ਰਹੀ ਜੀਪ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹ ਮੋਕੇ ਤੇ ਹੀ ਦਮ ਤੋੜ ਗਏ। 
ਜੀਪ ਦੇ ਡਰਾਇਵਰ ਨੇ ਦਿਲ ਨਹੀ ਛੱਡਿਆ ਤੇ ਉਹਨਾਂ ਨੂੰ ਉਸੇ ਜੀਪ ਵਿੱਚ ਪਾ ਕੇ ਹਸਪਤਾਲ ਲੈ ਆਇਆ । ਹਲਾਂਕਿ ਰਸਤੇ ਚ ਉਹ ਡਰ ਗਿਆ ਕਿ ਮਰਨ ਵਾਲਾ ਨਾਇਬ ਤਹਿਸੀਲਦਾਰ ਹੈ ਤੇ ਉਹ ਕਿਸੇ ਹੋਰ ਦੀ ਜੀਪ ਵਗਾਰ ਕੇ ਲਿਆਇਅ। ਮੈਨੂੰ ਉਸ ਆਦਮੀ ਤੇ ਕੋਈ ਗੁੱਸਾ ਨਾ ਆਇਆ ਕਿਉਂਕਿ ਉਸ ਨੇ ਆਪਣੀ ਗਲਤੀ ਨੂੰ ਸੁਧਾਰਣ ਲਈ ਉਹਨਾਂ ਨੂੰ ਬਚਾਉਣ ਲਈ ਵੀ ਆਪਣੀ ਪੂਰੀ ਵਾਹ ਲਾਈ। ਜਦੋਂਕਿ ਮੋਕੇ ਤੇ ਹਾਜਰ ਸਕੇ ਸਬੰਧੀਆਂ ਨੇ ਪੁਲਿਸ ਕੇਸ ਕਰਣ ਲਈ ਬਹੁਤ ਕਿਹਾ । ਪਰ ਮੈਂ ਅਜੇਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।ਮੈਂ ਉਸ ਜੀਪ ਵਾਲੇ ਤੇ ਕੋਈ ਕਾਰਵਾਈ ਨਹੀ ਸੀ ਕਰਨੀ ਚਾਹੁੰਦਾ।ਕਿਉਂਕਿ ਮੈਂਨੂੰ ਮੇਰੇ ਪਾਪਾ ਜੀ ਦੇ ਉਹ ਬੋਲ ਯਾਦ ਆ ਗਏ ਜੋ ਉਹਨਾਂ ਨੇ ਅਜੇਹੇ ਹੀ ਮੋਕੇ ਤੇ ਆਪਣੀ ਮੋਤ ਤੋਂ ਕੁਝ ਹੀ ਮਹੀਨੇ ਪਹਿਲਾਂ  ਸਪਸਟ ਰੂਪ ਵਿੱਚ ਕਹੇ ਸਨ।
                      ਪਾਪਾ ਜੀ ਦੇ ਇੱਕ ਸਾਥੀ ਸਨ। ਜਿੰਨਾਂ ਨੂੰ ਲੋਕ ਚੌਧਰੀ ਅਮਰ ਸਿੰਘ ਪਟਵਾਰੀ ਦੇ ਨਾਮ ਕਰਕੇ ਜਾਣਦੇ ਸਨ। ਬਹੁਤ ਹੀ ਮਿਲਣਸਾਰ ਤੇ ਭਲੇ ਆਦਮੀ ਸਨ। ਪ੍ਰਮਾਤਮਾਂ ਦੀ ਕਰਨੀ ਵੇਖੋ ਉਹ ਆਪਣੇ ਪੁੱਤਰ ਦੇ ਵਿਆਹ ਦੇ ਕਾਰਡ ਵੰਡ ਰਹੇ ਸਨ ਬਾਜਾਰ ਵਿੱਚ ਤੇ ਉਹ ਆਪਣੇ ਕਿਸੇ ਕਰੀਬੀ ਦੇ ਨਾਲ ਸਨ ਸਕੂਟਰ ਤੇ।ਮੇਨ ਬਾਜਾਰ ਵਿੱਚ ਹੀ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਉਹ ਮੋਕੇ ਤੇ ਹੀ ਦਮ ਤੋੜ ਗਏ। ਬਹੁਤ ਹੀ ਦਰਦਨਾਕ ਹਾਦਸਾ ਸੀ ਇਹ। ਖੁਸੀਆਂ ਹੰਝੂਆਂ ਚ ਬਦਲ ਗਈਆਂ।ਘਰ ਦਾ ਮਾਹੋਲ ਇੱਕ ਦਮ ਗਮੀ ਵਿੱਚ ਬਦਲ ਗਿਆ। ਸਾਰੇ ਸਹਿਰ ਵਿੱਚ ਇਸ ਘਟਨਾ ਦੀ ਖਬਰ ਫੈਲ ਗਈ। ਕਿਉਂਕਿ ਇਸ ਪਰਿਵਾਰ ਨੂੰ ਸਹਿਰ ਦਾ ਬੱਚਾ ਬੱਚਾ ਜਾਣਦਾ ਸੀ। 
        ਟਰੱਕ ਮਾਲਿਕ ਸਾਡੇ ਪਰਿਵਾਰ ਦੇ ਬਹੁਤ ਕਰੀਬੀ ਸੀ। ਉਹ ਬਹੁਤ ਡਰ ਗਏ ਸਨ। ਟਰੱਕ ਵਾਲੇ ਅੰਕਲ ਸਾਡੇ ਘਰ ਆਏ ਤੇ ਪਾਪਾ ਜੀ ਕੋਲ ਝੋਰਾ ਕਰਣ ਲੱਗੇ ਕਿ ਹੁਣ ਕੀ ਬਣੇਗਾ। ਪਾਪਾ ਜੀ ਨੇ ਉਸ ਨੇ ਪੀੜਤ ਪਰਿਵਾਰ ਦੇ ਘਰ ਜਾ ਕੇ ਮਾਫੀ ਮੰਗਣ ਦਾ ਸੁਝਾਵ ਦਿੱਤਾ। ਪਰ ਅੰਕਲ ਤਾਂ ਬਹੁਤ ਡਰੇ ਹੋਏ ਸੀ ਤੇ ਉਹਨਾਂ ਨੂੰ ਡਰ ਸੀ ਕਿ ਪੀੜਤ ਪਰਿਵਾਰ ਉਹਨਾਂ ਤੇ ਹਮਲਾ ਕਰ ਸਕਦਾ ਹੈ। ਪਰ ਪਾਪਾ ਜੀ ਇਸ ਗੱਲ ਤੇ ਬਜਿੱਦ ਸਨ ਕਿ ਇਸ ਸੱਮਸਿਆ ਦਾ ਹਲ ਉਹਨਾ ਦੇ ਘਰ ਜਾ ਕੇ ਮਾਫੀ ਮੰਗਣਾ ਹੀ ਹੈ।
                 ਪਾਪਾ ਜੀ ਦੇ ਜੋਰ ਪਾਉਣ ਤੇ ਅੰਕਲ ਪਾਪਾ ਜੀ ਦੇ ਨਾਲ ਪਾਪਾ ਜੀ ਤੇ ਭਰੋਸਾ ਕਰਕੇ ਉਹਨਾ ਦੇ ਘਰੇ ਉਹਨਾਂ ਦੇ ਪੁੱਤਰ ਨੂੰ ਮਿਲਣ ਚਲੇ ਗਏ। ਉਹਨਾਂ ਦੇ ਲੜਕੇ ਮਹਾਂਵੀਰ ਸਹਾਰਨ  ਪਾਪਾ ਜੀ ਨੂੰ ਤੇ ਅੰਕਲ ਨੂੰ ਬਹੁਤ ਚੰਗੀ ਤਰਾਂ ਮਿਲੇ ਤੇ ਕੋਈ ਵੀ ਗਰਮ ਗੱਲ ਨਾ ਆਖੀ। ਸਗੋ ਰੱਬ ਦਾ ਭਾਣਾ ਹੀ ਆਖਿਆ। ਪਾਪਾ ਜੀ ਤੇ ਅੰਕਲ ਉਸ ਦੇ ਇਸ ਨਿਮਰਤਾ ਭਰੇ ਰੱਵੀਏ ਤੋਂ ਬਹੁਤ ਪ੍ਰਭਾਵਿਤ ਹੋਏ।ਜਿਥੋਂ ਗਾਲ੍ਹਾਂ ਤੇ ਲੜਾਈ ਝਗੜੇ ਦੀ ਉਮੀਦ ਹੋਵੇ ਤੇ ਉਥੋ ਮਾਣ ਮਿਲੇ ਤਾਂ ਆਦਮੀ ਦਾ ਹੈਰਾਨ ਹੋਣਾ ਸਭਾਵਿਕ ਹੀ ਹੈ।
                 ਘਰ ਆਕੇ ਪਾਪਾ ਜੀ ਨੇ ਮੈਨੂੰ ਮਹਾਂਵੀਰ ਦੇ ਇਸ ਸਲਾਘਾਯੋਗ ਵਿਹਾਰ ਦੀ ਮੇਰੇ ਨਾਲ ਖੂਬ ਚਰਚਾ ਕੀਤੀ ਤੇ ਮੈਨੂੰ ਮਹਾਂਵੀਰ ਦੇ ਵਿਹਾਰ ਤੋਂ ਕੁਝ ਸਿੱਖਣ ਲਈ ਕਿਹਾ। ਮੈਨੂੰ ਉਹਨਾਂ ਨੇ ਕਿਹਾ ਕਿ ਕਿਸੇ ਕੋਲੋ ਗਲਤੀ ਹੋਣੀ ਕੋਈ ਵੱਡੀ ਗੱਲ ਨਹੀ। ਇਹ ਕਿਸੇ ਕੋਲੋ ਵੀ ਹੋ ਸਕਦੀ ਹੈ ਪਰ ਉਸ ਗਲਤੀ ਨੂੰ ਮੰਨ ਲੈਣਾਂ ਤੇ ਉਸ ਗਲਤੀ ਨੂੰ ਸੁਧਾਰਣ ਦਾ ਉਪਰਾਲਾ ਕਰਨਾ ਬਹੁਤ ਵਧੀਆ ਹੁੰਦਾ ਹੈ। ਤੇ ਜੇ ਕੋਈ ਕਿਸੇ ਨੂੰ ਮਾਰ ਕੇ ਵੀ ਬਚਾਉਣ ਦੀ ਕੋਸਿਸ ਕਰਦਾ ਹੈ ਤਾਂ ਉਸ ਨੂੰ ਮਾਫ ਕਰ ਦੇਣਾ ਹੀ ਮਹਾਨਤਾ ਹੈ। ਤੇ ਉਹਨਾਂ ਦੀ ਉਸ ਸਿੱਖਿਆ ਨੇ ਮੈਨੂੰ ਜੀਪ ਵਾਲੇ ਨੂੰ ਮਾਫ ਕਰਨ ਲਈ ਮਜਬੂਰ ਕਰ ਦਿੱਤਾ।

  ਰਮੇਸ ਸੇਠੀ ਬਾਦਲ
ਮੋ 98 766 27233           

No comments:

Post a Comment