ਖੂਨ ਦਾਨ ਦਾ ਬਦਲਦਾ ਰੂਪ
ਮੇਰੇ ਬਚਪਣ ਦੀ ਘਟਨਾ ਹੈ। ਮੇਰੀ ਮਾਂ ਦੱਸਦੀ ਸੀ ਕਿ ਓਦੋ ਮੈਂ ਮਸਾਂ ਡੇਢ ਕੁ ਸਾਲ ਦਾ ਸੀ। ਸੰਨ 1962_63 ਦੀ ਗੱਲ ਹੈ। ਮੇਰੇ ਪਾਪਾ ਜੀ ਪਟਵਾਰੀ ਲੱਗੇ ਹੋਏ ਸਨ। ਕਿਸੇ ਦੂਰ ਸਟੇਸਨ ਤੇ ਪੋਸਟ ਸਨ। ਕੋਠੇ ਤੇ ਸੁੱਤੇ ਪਏ ਸਨ। ਖਾਧੀ ਪੀਤੀ ਚ ਨੀਂਦਰੇ ਚ ਪਿਸਾਬ ਕਰਣ ਲਈ ਉਠੇ ਤੇ ਗਲੀ ਚ ਡਿੱਗ ਪਏ। ਪੱਟ ਦੀ ਹੱਡੀ ਟੁੱਟ ਗਈ। ਉਸ ਸਮੇਂ ਡਾਕਟਰੀ ਇਲਾਜ ਬਹੁਤ ਘੱਟ ਹੁੰਦਾ ਸੀ । ਕਈ ਦਿਨਾਂ ਦੇ ਅੋੜ ਪੋੜ ਤੋ ਬਾਦ ਬੜਿੰਗ ਖੇੜੇ ਵਾਲੇ ਸਰਦਾਰਾਂ ਦੀ ਚਿੱਠੀ ਲੈ ਕੇ ਉਹਨਾਂ ਨੂੰ ਅੰਬਰਸਰ ਹਸਪਤਾਲ ਚ ਲੈ ਗਏ। ਇਹ ਚਿੱਠੀ ਮੇਰੇ ਮਾਸੜ ਚੋਧਰੀ ਰਾਮਧਨ ਦਾਸ ਨੇ ਦਿਵਾਈ ਸੀ। ਕਿਉਕਿ ਹੱਡੀਆਂ ਦਾ ਮਸਹੂਰ ਡਾਕਟਰ ਕ੍ਰਿਪਾਲ ਸਿੰਘ ਉਹਨਾਂ ਸਰਦਾਰਾਂ ਦਾ ਵਾਕਫ ਸੀ।ਤੇ ਇਹ ਸਰਦਾਰ ਮੇਰੇ ਮਾਸੜ ਕੋਲ ਆੜਤ ਆਉਦੇਂ ਸਨ। ਉਸ ਸਮੇਂ ਮੇਰੇ ਪਾਪਾ ਜੀ ਦੇ ਪੱਟ ਦਾ ਆਪ੍ਰੇਸਨ ਕੀਤਾ ਗਿਆ। ਪੱਟ ਦੀ ਹੱਡੀ ਜੋੜਣ ਵਾਸਤੇ ਪੱਟ ਵਿੱਚ ਕੋਈ ਪੰਜ ਕੁ ਸੂਤ ਮੋਟਾ ਤੇ ਛੇ ਕੁ ਇੰਚ ਲੰਬਾ ਲੋਹੇ ਨੁਮਾਂ ਧਾਤ ਦਾ ਸਰੀਆ ਪਾਇਆ ਗਿਆ। ਜਿਸ ਨੂੰ ਉਹਨਾਂ ਦੇ ਅੰਤਿਮ ਸੰਸਕਾਰ 29 ਅਕਤੂਬਰ 2003 ਨੂੰ ਉਹਨਾਂ ਦੇ ਪਵਿੱਤਰ ਫੁੱਲ ਚੁਗਣ ਦੀ ਰਸਮ ਸਮੇਂ ਉਥੇ ਹਾਜਰ ਸਾਰੇ ਸਕੇ ਸਬੰਧੀਆਂ ਨੇ ਦੇਖਿਆ।ਇਹ ਸਰੀਆ ਮੇਰੇ ਪਾਪਾ ਜੀ ਦੇ ਸਰੀਰ ਵਿੱਚ ਲਗਭਗ ਇਕਤਾਲੀ ਸਾਲ ਰਿਹਾ। ਅਪ੍ਰੇਸਨ ਦੇ ਮੋਕੇ ਇੱਕ ਯੂਨਿਟ ਖੂਨ ਦੀ ਜਰੂਰਤ ਪਈ ਤੇ ਕੋਈ ਵੀ ਸਕਾ ਸਬੰਧੀ ਖੂਨ ਦੇਣ ਲਈ ਤਿਆਰ ਨਾ ਹੋਇਆ। ਮੇਰੇ ਦਾਦਾ ਜੀ ਅਨੁਸਾਰ ਉਹ ਬਜੁਰਗ ਸਨ ਤੇ ਖੂਨ ਨਹੀ ਸਨ ਦੇ ਸਕਦੇ । ਮੇਰੇ ਚਾਚਾ ਜੀ ਵੀ ਚੁੱਪ ਵੱਟ ਗਏ। ਹੁਣ ਸਮੱਸਿਆ ਸੀ ਕਿ ਖੂਨ ਕੋਣ ਦੇਵੇ? ਉਸ ਸਮੇਂ ਮੇਰੇ ਮਾਮਾ ਸ੍ਰੀ ਬਿਹਾਰੀ ਲਾਲ ਜੋ ਅੱਠਵੀ ਕਲਾਸ ਵਿੱਚ ਪੜ੍ਹਦੇ ਸਨ ਉਹ ਵੀ ਪਾਪਾ ਜੀ ਦੀ ਮੀਜਾਦ ਪੁਸਤੀ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਹੋਏ ਸਨ , ਨੇ ਆਪਣੀ ਵੱਡੀ ਭੈਣ ਦੇ ਸੁਹਾਗ ਦੀ ਰੱਖਿਆ ਲਈ ਇੱਕ ਯੂਨਿਟ ਖੂਨ ਦੇ ਦਿੱਤਾ । ਸਿਰਫ ਇਸੇ ਸਰਤ ਤੇ ਕਿ ਮਾਂ ਯਾਨਿ ਮੇਰੀ ਨਾਨੀ ਜੀ ਨੂੰ ਨਾ ਦੱਸਿਆ ਜਾਵੇ। ਚਾਹੇ ਮਾਂ ਲਈ ਜਵਾਈ ਪੁੱਤ ਤੋਂ ਵੀ ਵੱਧਕੇ ਹੁੰਦਾ ਹੈ ਪਰ ਛੋਟੀ ਉਮਰ ਚ ਖੂਨ ਦਾਨ ਉਸ ਸਮੇ ਬਹੁਤ ਵੱਡੀ ਗੱਲ ਸੀ। ਹੁਣ ਚਾਹੇ ਮੈa ਖੁੱਦ ਚੋਦਾਂ ਵਾਰ ਆਪਣੀ ਇੱਛਾ ਅਨੁਸਾਰ ਖੂਨ ਦਾਨ ਕਰ ਚੁਕਿਆ ਹਾਂ। ਪਰ ਉਸ ਸਮੇ ਇਤਨੀ ਜਾਗ੍ਰਤੀ ਨਹੀ ਸੀ ਸਮਾਜ ਵਿੱਚ। ਅੱਜ ਕੱਲ੍ਹ ਤਾਂ ਲੋਕਾਂ ਨੇ ਖੂਨ ਦਾਨ ਦੀ ਲਹਿਰ ਚਲੀ ਰੱਖੀ ਹੈ। ਹਰ ਸਹਿਰ ਕਸਬੇ ਵਿੱਚ ਖੂਨਦਾਨੀਆਂ ਦੇ ਕਲੱਬ ਬਣੇ ਹਨ। ਧਾਰਮਿਕ ਆਗੂ ਇਸ ਲਹਿਰ ਨੂੰ ਭਰਪੂਰ ਹੁੰਗਾਰਾ ਦੇ ਰਹੇ ਹਨ। ਹਰਿਆਣਾ ਸਿਰਸਾ ਦੀ ਇੱਕ ਧਾਰਮਿਕ ਸੰਸਥਾ ਤਾਂ ਇੱਕ ਦਿਨ ਵਿੱਚ 50,000 ਯੂਨਿਟ ਦੇ ਕਰੀਬ ਖੂਨ ਦਾਨ ਕਰਕੇ ਵਿਸਵ ਰਿਕਾਰਡ ਬਣਾ ਚੁੱਕੀ ਹੈ। ਇਹੀ ਤਾਂ ਜਾਗਰੁਕ ਸਮਾਜ ਦੀ ਨਿਸਾਨੀ ਹੈ।

No comments:
Post a Comment