ਜਦੋ ਸਾਨੂੰ ਆਪਣੀ ਸਰਾਰਤ ਤੇ ਪਛਤਾਵਾ ਹੋਇਆ।
ਮੈਂ ਨੋਵੀ ਤੇ ਦੱਸਵੀ ਜਮਾਤ ਬੋਰਡ ਦੀ ਹੀ ਪਾਸ ਕੀਤੀ ਹੈ। ਸਾਡਾ ਸੇਂਟਰ ਪਿੰਡ ਲੰਬੀ ਬਣਾ ਹੁੰਦਾ ਸੀ ਤੇ ਅਸੀਂ ਘਮਿਆਰੇ ਤੋਂ ਬਸ ਰਾਹੀ ਲੰਬੀ ਆਉਂਦੇ। ਬੱਸਾਂ ਵਾਲੇ ਸਾਨੂੰ ਪਾੜਿਆ ਨੂੰ ਨਾ ਬਿਠਾਉਂਦੇ ਕਿਉਂਕਿ ਅਸੀ ਟਿਕਟ ਨਹੀ ਸੀ ਲੈਂਦੇ। ਜਦੋਂ ਬਸ ਤੁਰ ਪੈਂਦੀ ਤਾਂ ਅਸੀ ਫਟਾਫਟ ਬੱਸ ਦੇ ਪਿਛੋਂਦੀ ਬੱਸ ਦੀ ਛੱਤ ਉਪੱਰ ਜਾ ਬੈਠਦੇ। ਕਿਉਂਕਿ ਅਸੀ ਸਾਰੇ ਸਰੀਫ ਹੀ ਹੁੰਦੇ ਸਾਂ ਤੇ ਸਰਾਰਤਾਂ ਕਰਨਾ ਸਾਡਾ ਜਨਮ ਸਿੱਧ ਆਧਿਕਾਰ ਸੀ। ਅਸੀ ਬੱਸ ਦੀ ਛੱਤ ਉੱਪਰ ਪਏ ਲੋਕਾਂ ਦੇ ਸਮਾਨ ਦੀ ਫਰੋਲਾ ਫਰਾਲੀ ਕਰਦੇ, ਪੈਸੇ ਟਕੇ ਨੂੰ ਹੱਥ ਨਾ ਲਾਉਂਦੇ ਪਰ ਖਾਣ ਵਾਲਾ ਸਮਾਨ ਸਾਡੀ ਨਿਗ੍ਹਾ ਤੋ ਬਚ ਨਾ ਸਕਦਾ।
ਪਹਿਲੇ ਦਿਨ ਅਸੀ ਕਿਸੇ ਹੱਟੀ ਵਾਲੇ ਦੇ ਸਮਾਨ ਚੋ ਥੋੜੇ ਜਿਹੇ ਸਕਰਪਾਰੇ, ਪਤਾਸੇ ਤੇ ਪਕੋੜੀਆਂ ਨੂੰ ਹੀ ਰਗੜਿਆ। ਇਹ ਸਾਡੀ ਪਹਿਲੀ ਕਾਰਵਾਈ ਸੀ ਤੇ ਬਹੁਤ ਥੋੜੇ ਜਣੇ ਇਸ ਦੇ ਭਾਗੀਦਾਰ ਸਨ ਤੇ ਸਾਡਾ ਭੇਤ ਵੀ ਬਣਿਆ ਰਿਹਾ। ਪਰ ਅਗਲੇ ਦਿਨ ਸਾਡਾ ਹੋਸਲਾ ਵੱਧ ਗਿਆ ਸੀ ਤੇ ਤਕਰੀਬਣ ਸਾਰੇ ਹੀ ਭਾਗੀਦਾਰ ਬਣ ਗਏ। ਸਭ ਤੋਂ ਪਹਿਲਾਂ ਅਸੀ ਇੱਕ ਯੋਗੀ ਦੀ ਬਗਲੀ ਦੀ ਤਲਾਸੀ ਲਈ ਤੇ ਸਾਨੂੰ ਖਾਣ ਨੂੰ ਖਾਸ ਨਹੀ ਮਿਲਿਆ। ਇੱਕ ਦੋ ਡਿੱਬੇ ਜਿਹੇ ਹੋਰ ਫਰੋਲੇ ਪਰ ਸਾਡੇ ਮੇਹਨਤ ਪੱਲੇ ਨਾ ਪਈ। ਅੱਜ ਤੇ ਉਹ ਲੋਕ ਜਿਆਦਾ ਉਤਾਵਲੇ ਸੀ ਜਿਨ੍ਹਾ ਨੇ ਕਲ੍ਹ ਡਰਦਿਆਂ ਨੇ ਜਿਆਦਾ ਹੀ ਸਰਾਫਤ ਦਿਖਾਈ ਸੀ।
ਬੱਸ ਤੇ ਇੱਕ ਖੂੰਜੇ ਚ ਇੱਕ ਪਿੱਤਲ ਦੀ ਟੋਕਣੀ ਪਈ ਸੀ ਤੇ ਉੱਪਰ ਲਾਲ ਕੱਪੜਾ ਬੰਨਿਆ ਸੀ ਤੇ ਉਹ ਸਾਨੂੰ ਬੜਾ ਅਜੀਬ ਜਿਹਾ ਲੱਗਦਾ ਸੀ। ਕਿਸੇ ਬਾਹਲੇ ਉਤਾਵਲੇ ਨੇ ਕਪੜਾ ਖੋਲ ਕੇ ਦੇਖ ਹੀ ਲਿਆ ਤੇ ਦੇਖਦੇ ਹੀ ਉਸ ਦੀਆਂ ਵਾਛਾਂ ਖਿਲ ਗਈਆਂ। ਕਿਉਂਕਿ ਉਸ ਟੋਕਣੀ ਵਿੱਚ ਪੰਜੀਰੀ ਸੀ ਤੇ ਉਹ ਵੀ ਦੇਸੀ ਘਿਉ ਦੀ। ਦੇਸੀ ਘਿਉ ਦੀ ਖੁਸਬੂ ਬਾਹਰ ਤੱਕ ਆ ਰਹੀ ਸੀ। ਬਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਟੋਕਣੀ ਦਾ ਥੱਲਾ ਨਜਰ ਆਉਣ ਲੱਗ ਪਿਆ। ਤੇ ਸਾਡੇ ਸਾਰਿਆਂ ਦੇ ਹੱਥ ਧਿੰਦੇ ਹੋ ਗਏੇ ।ਤੇ ਢਿੱਡ ਵੀ ਭਰ ਗਿਆ।
ਏਨੇ ਨੂੰ ਬਸ ਲੰਬੀ ਪਹੁੰਚ ਗਈ ।ਸਾਡਾ ਪੇਪਰ ਦੋ ਵਜੇ ਸੀ ਤੇ ਅਜੇ ਕਾਫੀ ਸਮਾਂ ਪਿਆ ਸੀ। ਤੇ ਅਸੀ ਅਜੇ ਬੱਸ ਸਟੈਂਡ ਤੇ ਹੀ ਖੜ੍ਹੇ ਸੀ ਕਿ ਇੱਕ ਚਾਲੀ ਪੰਜਾਹ ਸਾਲ ਦਾ ਬਾਬਾ ਉੱਚੀ ਉੱਚੀ ਰੋ ਰਿਹਾ ਸੀ ।ਉਸ ਦੇ ਹੱਥ ਵਿੱਚ ਓਹੀ ਟੋਕਣੀ ਸੀ ਜਿਸ ਨੂੰ ਅਸੀ ਹੀ ਖਾਲੀ ਕੀਤਾ ਸੀ। ਉਸ ਨੇ ਟੋਕਣੀ ਇਉਂ ਫੜੀ ਹੋਈ ਸੀ ਜਿਵੇਂ ਉਹ ਉਸ ਵਿੱਚ ਪਾਣੀ ਭਰਣ ਚੱਲਿਆ ਹੋਵੇ। ਰੋਣ ਦਾ ਕਾਰਣ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਪੰਜੀਰੀ ਦੇਣ ਚੱਲਿਆ ਸੀ ਜੋ ਨਾਲ ਦੇ ਪਿੰਡ ਵਿਆਹੀ ਹੈ ਤੇ ਉਸ ਦੇ ਮੁੰਡਾ ਹੋਇਆ ਹੈ। ਸਾਰੀ ੇ ਪੰਜੀਰੀ ਬਸ ਉੱਪਰ ਬੈਠੇ ਮੁੰਡਿਆਂ ਨੇ ਖਾ ਲਈ ਤੇ ਹੁਣ ਉਹ ਕਿਹੜਾ ਮੂੰਹ ਲੈ ਕੇ ਖਾਲੀ ਹੱਥ ਧੀ ਦੇ ਸੋਹਰੇ ਘਰ ਜਾਵੇਗਾ।
ਉਸ ਦਾਹੜੀ ਵਾਲੇ ਬਾਬੇ ਨੂੰ ਰੋਦਾਂ ਦੇਖ ਕੇ ਸਾਡੇ ਮੂੰਹ ਵੀ ਲਟਕ ਗਏ। ਕਿਉਂਕਿ ਬਾਬੇ ਦੀ ਇਸ ਦੁਰਦਸਾ ਦੇ ਜੁੰਮੇਦਾਰ ਵੀ ਅਸੀ ਸੀ। ਫਿਰ ਅਸੀ ਸਾਰਿਆਂ ਨੇ ਕੁਝ ਗਿਟਮਿਟ ਕੀਤੀ ਤੇ ਸਿਆਣੇ ਜਿਹੇ ਬਣ ਕੇ ਬਾਬੇ ਤੋਂ ਉਸ ਪੰਜੀਰੀ ਦੀ ਲਾਗਤ ਪੁੱਛੀ। ਬਾਬੇ ਦੇ ਦੱਸਣ ਅਨੁਸਾਰ ਉਹ ਦੋ ਕਿਲੋ ਦੇਸੀ ਘਿਉ ਦੀ ਪੰਜੀਰੀ ਸੀ ਤੇ ਉਸਤੇ ਉਸਦਾ ਲੱਗਭਗ ਡੇਢ ਸੋ ਰੁਪਿਆ ਖਰਚ ਆਇਆ ਸੀ। ਪਰ ਹੁਣ ਕੀ ਹੋ ਸਕਦਾ ਹੈ। ਉਹ ਬਹੁਤ ਗਰੀਬ ਕਿਸਾਨ ਹੈ। ਫਿਰ ਅਸੀ ਸਾਰਿਆ ਨੇ ਆਪਣੀ ਜੇਬ ਵਿਚਲੇ ਪੈਸਿਆਂ ਚੋ ਪੰਜ ਪੰਜ ਰੁਪਏ ਤੇ ਕਿਸੇ ਨੇ ਇਸ ਤੋਂ ਵੀ ਘੱਟ ਰੁਪਏ ਇਕੱਠੇ ਕੀਤੇ ।ਅਸੀ ਉਹਨਾਂ ਤੋਂ ਵੀ ਪੈਸੇ ਮੰਗੇ ਜੋ ਸਾਡੇ ਨਾਲ ਨਹੀ ਸਗੋ ਦੂਸਰੀ ਬਸ ਤੇ ਆਏ ਸਨ। ਇਸ ਤਰ੍ਹਾਂ ਅਸੀ ਇੱਕ ਸੋ ਨੱਬੇ ਰੁਪਏ ਇੱਕਠੇ ਕਰਕੇ ਉਸ ਬਜੁਰਗ ਨੂੰ ਦੇ ਦਿੱਤੇ।
ਫਿਰ ਕਈ ਦਿਨ ਇਸ ਪਛਤਾਵੇ ਦੀ ਅੱਗ ਵਿੱਚ ਕੁਲਝਦੇ ਰਹੇ। ਕਈ ਦਿਨ ਸਾਡੇ ਚੇਹਰੇ ਤੋਂ ਹਾਸਾ ਗਾਇਬ ਰਿਹਾ। ਅਸੀ ਡਰਦਿਆਂ ਨੇ ਕਈ ਦਿਨ ਘਰੇ ਵੀ ਨਾ ਦੱਸਿਆ ਕਿਉਂਕਿ ਓਦੋ ਮਾਂ ਪਿਓ ਦੀ ਕੁੱਟ ਬਹੁਤ ਭੈੜੀ ਹੁੰਦੀ ਸੀ ਤੇ ਮਾਂ ਦੀਆਂ ਘਸੀਆਂ ਜਿਹੀਆਂ ਚੱਪਲਾਂ ਪੀੜ ਬਹੁਤ ਕਰਦੀਆਂ ਸਨ।
ਰਮੇਸ ਸੇਠੀ ਬਾਦਲਮੋ 98 766 27233


No comments:
Post a Comment