ਤੇਰਾ ਮੇਰੇ ਦਾ ਫਰਕ
“ਆਹ ਕੋਣ ਆਇਆ ਸੀ।' ਉਸ ਦਿਨ ਲਾਬੀ ਵਿੱਚ ਪਏ ਚਾਹ ਦੇ ਜੂਠੇ ਕੱਪ ਅਤੇ ਪਲੇਟਾਂ ਵਿੱਚ ਪਏ ਸੈਡਵਿੱਚ ਤੇ ਪੇਸਟਰੀ ਦੇ ਟੁਕੜਿਆਂ ਨੂੰ ਦੇਖ ਕੇ ਮੈਂ ਦਫਤਰੋ ਆਉਂਦੇ ਨੇ ਹੀ ਪੁਛਿਆ। “ਆਉਣਾ ਕਿੰਨੇ ਸੀ। ਪਿੰਕੀ ਭਾਬੀ ਤੇ ਵੀਰਾ ਆਏ ਸਨ। ਰੱਖੜੀ ਬੰਨਵਾਉਣ। ਨਾਲ ਬੱਚੇ ਸਨ।' ਉਹ ਬੋਲੀ। “ਪਰ ਰੱਖੜੀ ਤੇ ਕਲ੍ਹ ਨੂੰ ਹੈ। ਉਹਨਾਂ ਕਿਹੜਾ ਦੂਰੋ ਆਉਣਾ ਸੀ ਲੋਕਲ ਹੀ ਤੇ ਹਨ। ਨਾਲੇ ਅੱਜ ਤੇ ਪੈਚਕਾਂ ਹਨ।' ਮੈ ਜਾਣ ਬੁਝਕੇ ਕਿਹਾ। “ਕਲ੍ਹ ਨੂੰ ਵੀਰ ਦੀ ਡੀਜੀਐਸਈ ਨਾਲ ਮੀਟਿੰਗ ਹੈ ਚੰਡੀਗ੍ਹੜ ਤੇ ਭਾਬੀ ਨੇ ਮੋਗੇ ਜਾਣਾ ਹੈ।' ਮੈਂ ਚੁੱਪ ਕਰਕੇ ਅੰਦਰ ਚਲਾ ਗਿਆ ਸੀ ਮੈਨੂੰ ਬਹੁਤ ਗੁੱਸਾ ਆਇਆ। ਉਹਨਾ ਮੈਨੂੰ ਉਡੀਕਣਾ ਵੀ ਮਨਾਸਿਫ ਨਹੀ ਸਮਝਿਆ ।
ਹਰ ਸਾਲ ਭੈਣ ਰੱਖੜੀ ਬੰਨਣ ਆਉਂਦੀ ਹੈ। ਇਸ ਵਾਰ ਭੈਣ ਭਰਾਵਾਂ ਵਿੱਚ ਗੁੱਸਾ ਗਿਲਾ ਸੀ। ਭੈਣ ਨੇ ਕੋਰਾ ਜਵਾਬ ਦੇ ਦਿੱਤਾ ਕਿ ਉਹ ਰੱਖੜੀ ਬੰਨਣ ਨਹੀ ਆਵੇਗੀ। ਉਸਦੇ ਘਰੇ ਕਲੇਸ ਪੈਂਦਾ ਹੈ। ਮੈਂ ਚੁੱਪ ਕਰ ਗਿਆ। ਬੀਜੀ ਦਾ ਵੀ ਰੰਗ ਉਡ ਗਿਆ। ਚਲ ਕੋਈ ਗੱਲ ਨਹੀ ਜੇ ਤੈਨੂੰ ਨਹੀ ਆਉਣ ਦਿੰਦੇ ਤਾਂ ਨਾ ਸਹੀ । ਅਸੀ ਤੇਰੇ ਕੋਲ ਆ ਕੇ ਰੱਖੜੀ ਬੰਨਵਾ ਲਵਾਂਗੇ। ਸਾਨੂੰ ਕੋਈ ਘਰੋਂ ਤਾਂ ਨਹੀ ਕੱਢਦੇ?ਤੇ ਰੱਖੜੀ ਵਾਲੇ ਦਿਨ ਜਦੋ ਮੈਂ ਜਾਣ ਦਾ ਨਾ ਲਿਆ ਤਾਂ ਉਸਨੇ ਮੂੰਹ ਫੁਲਾ ਲਿਆ। “ ਜੇ ਭੈਣ ਨੂੰ ਵੀਰਾਂ ਦੀ ਸੁੱਖ ਦੀ ਨਹੀ ਤਾਂ ਤੁਹਾਡੀ ਜੇਬ ਕਿਉਂ ਉਛੱਲਦੀ ਹੈ।' ਮੈਂ ਚੁੱਪ ਕਰ ਗਿਆ ਕਿਉਂ ਘਰੇ ਕਲੇਸ ਪਾਉਣਾ ਹੈ। ਮੈਨੂੰ ਪਤਾ ਹੈ ਕਿਵੇਂ ਮੈਂ ਅਗਲੇ ਦਿਨ ਦਫਤਰ ਵਿੱਚ ਆਪਣੀਆਂ ਖਾਲੀ ਤੇ ਸੁਨੀਆਂ ਬਾਹਵਾਂ ਲਕੋਦਾ ਰਿਹਾ। ਤੇ ਇਹ ਸਾਰਾ ਦਿਨ ਦੰਦ ਕੱਢਦੀ ਰਹੀ।ਤੇ ਮੈਂ ਅੰਦਰੋ ਅੰਦਰੀ ਧੁੱਖਦਾ ਰਿਹਾ।ਇਹ ਤੇਰੇ ਮੇਰੇ ਦਾ ਫਰਕ ਇੱਕ ਦੀਵਾਰ ਬਣਦਾ ਜਾ ਰਿਹਾ ਸੀ ਸਾਡੀ ਗ੍ਰਹਿਸਤੀ ਵਿੱਚ।
ਰਮੇਸ ਸੇਠੀ ਬਾਦਲ
ਮੋ 98 766 27233

No comments:
Post a Comment