ਜਦੋਂ ਪ੍ਰੈਸਰ ਕੂਕਰ ਦੀ ਸੀਟੀ ਵੱਜੀ।
ਅੱਜ ਦੇ ਯੁੱਗ ਵਿੱਚ ਸਾਇੰਸ ਦੀਆਂ ਪ੍ਰਾਪਤੀਆਂ ਦਾ ਕੋਈ ਲੇਖਾ ਜੋਖਾ ਨਹੀ। ਨਿੱਤ ਨਵੀਆਂ ਨਵੀਆਂ ਕਾਢਾਂ ਕੱਢ ਕੇ ਵਿਗਿਆਨੀ ਇਨਸਾਨ ਨੂੰ ਅਚੰਭੇ ਵਿੱਚ ਪਾਈ ਜਾਂਦਾ ਹੈ। ਆਦਮੀ ਨੂੰ ਯਕੀਨ ਹੀ ਨਹੀ ਹੁੰਦਾ ਕਿ ਇਸ ਤਰਾਂ ਵੀ ਹੋ ਸਕਦਾ ਹੈ। ਮਨੁੱਖੀ ਦਿਮਾਗ ਗੋਤਾ ਖਾ ਜਾਂਦਾ ਹੈ। ਆਹ ਜਿਹੜਾ ਮੋਬਾਇਲ ਫੋਨ ਅੱਜ ਬੱਚੇ ਬੱਚੇ ਦੇ ਹੱਥ ਵਿੱਚ ਹੈ ਚੰਦ ਕੁ ਸਾਲ ਪਹਿਲਾ ਕਦੋ ਸੀ। ਕੈਲਕੂਲੇਟਰ ਆਇਆ ਤਾਂ ਦੇਖ ਕੇ ਹੈਰਾਨੀ ਹੁੰਦੀ ਸੀ। ਅਖੇ ਇਹ ਆਪੇ ਜੋੜ ਘਟਾਉ ਗੁਣਾਂ ਤਕਸੀਮ ਕਰ ਦਿੰਦਾ ਹੈ ਬਸ ਅੱਖ ਝਪਕਣ ਦੀ ਦੇਰ ਹੈ। ਕਿਸ ਕਿਸ ਕਾਢ ਦਾ ਜਿਕਰ ਕਰੀਏ। ਹੁਣ ਤਾਂ ਜੋ ਕੋਈ ਕਹੇ ਮੰਨ ਲਈਦਾ ਹੈ। ਕੁਝ ਕੁ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਗਏ ਤਾਂ ਰੋਟੀਆਂ ਬਨਾਉਣ ਤੇ ਪਕਾਉਣ ਵਾਲੀ ਆਟੋਮੈਟਿਕ ਮਸਨ ਦੇਖੀ ਤਾਂ ਮੂੰਹ ਟੱਡਿਆ ਹੀ ਰਹਿ ਗਿਆ।
ਗੱਲ ਕੋਈ 1973_74 ਦੀ ਹੋਣੀ ਹੈ। ਅਸੀ ਪਿੰਡ ਵਿੱਚ ਰਹਿੰਦੇ ਸੀ। ਮੇਰੇ ਪਾਪਾ ਜੀ ਨੇ ਦੱਸਿਆ ਕਿ ਇੱਕ ਅਜਿਹੀ ਪਤੀਲੀ ਆਈ ਹੈ ਜੋ ਬਹੁਤ ਹੀ ਜਲਦੀ ਸਬਜੀ ਬਣਾ ਦਿੰਦੀ ਹੈ। ਬਸ ਸਬਜੀ ਪਾਉ ਤੇ ਮਿੰਟਾਂ ਵਿੱਚ ਦਾਲ ਸਬਜੀ ਬਣ ਜਾਂਦੀ ਹੈ। ਸਭ ਤੋਂ ਵੱਡੀ ਗੱਲ ਉਸ ਵਿੱਚ ਕੜ੍ਹਛੀ ਵੀ ਨਹੀ ਮਾਰਨੀ ਪੈਂਦੀ। ਤੇ ਦਾਲ ਸਬਜੀ ਥੱਲੇ ਵੀ ਨਹੀ ਲੱਗਦੀ। ਹੁਣ ਇਹ ਗੱਲ ਸੁਨਣ ਵਿੱਚ ਬਹੁਤ ਅਜੀਬ ਲੱਗਦੀ ਸੀ। ਇਹ ਕਿਵੇਂ ਹੋ ਸਕਦਾ ਹੈ ਯਕੀਨ ਜਿਹਾ ਨਹੀ ਆਉਂਦਾ ਸੀ। ਗੱਲ ਸੁਨਣ ਤੋਂ ਬਾਅਦ ਅਸੀ ਦੋਨਾ ਭਰਾਵਾਂ ਨੇ ਜਿੱਦ ਫੜ੍ਹ ਲਈ ਕਿ ਆਪਾਂ ਉਹ ਪਤੀਲੀ ਜਰੂਰ ਲਿਆਉਣੀ ਹੈ। ਬੱਚੇ ਸੀ ਇਹ ਨਹੀ ਸੀ ਪਤਾ ਕਿ ਹਰ ਸੈਅ ਮੁੱਲ ਆਉਂਦੀ ਹੈ। ਘਰ ਦਾ ਸਮਾਨ ਘਰ ਦੀ ਗੰਜਾਇਸ ਅਨੁਸਾਰ ਹੀ ਖਰੀਦਿਆ ਲਿਆਂਦਾ ਜਾਂਦਾ ਹੈ।
ਹੁਣ ਪਾਪਾ ਜੀ ਨੂੰ ਵੀ ਖਹਿੜਾ ਛਡਾਉਣਾ ਅੋਖਾ ਹੋ ਗਿਆ ਸੀ ।ਤੇ ਉਹ ਅਜਿਹੀ ਜਾਦੂਮਈ ਪਤੀਲੀ ਦੀ ਗੱਲ ਕਰਕੇ ਆਪ ਹੀ ਫਸ ਗਏ ਸਨ। ਹਰ ਮਾਂ ਬਾਪ ਦੀ ਤਰ੍ਹਾਂ ਉਹ ਵੀ ਆਪਣੀ ਅੋਲਾਦ ਦੀ ਹਰ ਇੱਛਾ ਪੂਰੀ ਕਰਨਾ ਚਾਹੁੰਦੇ ਸੀ। ਪਰ ਵਿੱਤੀ ਮਜਬੂਰੀਆਂ ਅੱਗੇ ਉਹ ਬੇਬਸ ਸਨ। ਖੈਰ ਪਤਾ ਨਹੀ ਕਿਵੇਂ ਉਹ ਸਹਿਮਤ ਹੋ ਗਏ ਤੇ ਸਾਡੇ ਨਾਲ ਉਹਨਾ ਨੇ ਵਾਆਦਾ ਕਰ ਲਿਆ। ਹੁਣ ਗੱਲ ਲਿਆਵਾਂਗੇ ਤੇ ਆ ਕੇ ਅਟਕ ਗਈ। ਸਾਡੇ ਲਈ ਇੰਤਜਾਰ ਕਰਨਾ ਮੁਸਕਿਲ ਸੀ।
ਆਖਿਰ ਇੱਕ ਦਿਨ ਉਹ ਜਦੋa ਮਲੋਟ ਗਏ ਤਾਂ ਮੇਰੇ ਮਾਮਾ ਜੀ ਦੇ ਨਾਲ ਜਾਕੇ ਉਹ ਜਾਦੂ ਦੀ ਪਤੀਲੀ ਖਰੀਦ ਲਿਆਏ। ਜੋ ਕਿ ਇਕ ਰੰਗਦਾਰ ਗੱਤੇ ਦੇ ਡਿੱਬੇ ਵਿੱਚ ਬੰਦ ਸੀ । ਡਿੱਬੇ ਉੱਪਰ ਅੰਗਰੇਜੀ ਦ। ਅੱਖਰਾਂ ਵਿੱਚ ਲਿਖਿਆ ਸੀ ਊਸaਾ ਪ੍ਰੈਸਰ ਕੂਕਰ। ਪਾਪਾ ਜੀ ਦੇ ਦੱਸਣ ਮੁਤਾਬਿਕ ਇਹ ਇੱਕ ਸੋ ਪੰਜ ਰੁਪਇਆ ਦਾ ਆਇਆ ਸੀ।ਵੇਖਣ ਵਿੱਚ ਇਹ ਪਤੀਲੀ ਨਹੀ ਸਗੋਂ ਇੱਕ ਢੱਕਣ ਆਲਾ ਟੋਪੀਆ ਸੀ। ਇਸ ਦੇ ਹੈਂਡਲ ਤੇ ਅੰਗਰੇਜੀ ਵਿੱਚ ਲਿਖਿਆ ਸੀ ਕਿ ਕਿਹੜੀ ਸaਬਜੀ ਕਿੰਨੇ ਸਮੇਂ ਵਿੱਚ ਰਿੱਝਦੀ ਹੈ। ਨਾਨ ਵੈਜ ਪੰਜ ਮਿੰਟਾ ਚ, ਕਾਲੇ ਛੋਲੇ, ਰਾਜਮਾਹ ਚਾਰ ਮਿੰਟਾ ਵਿੱਚ ਤੇ ਆਲੂ ਆਲੀਆਂ ਸਬਜੀਆਂ ਤਿੰਨ ਮਿੰਟਾ ਵਿੱਚ ਰਿੱਝ ਜਾਂਦੀਆਂ ਸਨ। ਇਸ ਦੇ ਨਾਲ ਹੀ ਦੋ ਐਲੂਮਿਨੀਅਮ ਦੇ ਦੋ ਡੋਂਗੇ ਵੀ ਸਨ। ਸੁਣਿਆ ਸੀ ਦੋ ਤਿੰਨ ਸaਬਜੀਆਂ ਇਕੱਠੀਆਂ ਬਣ ਜਾਂਦੀਆਂ ਹਨ।
ਖੈਰ ਹੁਣ ਸਾਡੀ ਉਤਸੁਕਤਾ ਇਸ ਪਤੀਲੀ ਵਿੱਚ ਸਬਜੀ ਬਣਾਕੇ ਵੇਖਣਾ ਸੀ। ਤੇ ਲੋਕਾਂ ਨੂੰ ਇਸ ਬਾਰੇ ਦੱਸਣਾ ਸੀ। ਪਰ ਪਤਾ ਨਹੀ ਕਿਉਂ ਸਾਡੀ ਮਾਤਾ ਨੇ ਕਿਸੇ ਹੋਰ ਨੂੰ ਇਸ ਬਾਰੇ ਦੱਸਣ ਤੋਂ ਮਨ੍ਹਾ ਕਰ ਦਿੱਤਾ। ਇੰਨੀ ਵੱਡੀ ਖੁਸaੀ ਨੂੰ ਹਜਮ ਕਰਨਾ ਸਾਡੇ ਲਈ ਬਹੁਤ ਮੁਸਕਿਲ ਸੀ। ਇਸ ਲਈ ਅਸੀ ਸaਾਮ ਹੋਣ ਦਾ ਇੰਤਜਾਰ ਕਰਨ ਲੱਗੇ। ਤਹਿਸੁਦਾ ਪ੍ਰੋਗਰਾਮ ਅਨੁਸਾਰ ਕਾਲੇ ਛੋਲੇ ਪਹਿਲਾਂ ਹੀ ਭਿਉਂ ਦਿੱਤੇ ਗਏ। ਅਤੇ ਸaਾਮ ਨੂੰ ਮਸਾਲਾ ਭੁੰਨ ਕੇ ਛੋਲੇ ਕੂਕਰ ਵਿੱਚ ਪਾਕੇ ਉਸ ਦਾ ਢੱਕਣ ਲਾ ਦਿੱਤਾ ਗਿਆ ਅਤੇ ਸਾਰਾ ਟੱਬਰ ਟਾਇਮ ਨੋਟ ਕਰਕੇ ਚਾਰ ਮਿੰਟ ਪੂਰੇ ਹੋਣ ਦਾ ਇੰਤਜਾਰ ਕਰਨ ਲੱਗਾ । ਪਰ ਇਉਂ ਲੱਗਦਾ ਸੀ ਘੜੀ ਦੀਆਂ ਸੂਈਆਂ ਤਾਂ ਜਿਵੇਂ ਖ੍ਹੜ ਹੀ ਗਈਆਂ ਹੋਣ। ਆਖਿਰ ਇੱਕ ਜੋਰਦਾਰ ਫੁੰਕਾਰੇ ਦੀ ਤਰ੍ਹਾਂ ਕੂਕਰ ਨੇ ਜੋਰ ਦੀ ਸੀਟੀ ਮਾਰੀ। ਕੁਝ ਸਮਾਂ ਵੱਜਕੇ ਸੀਟੀ ਆਪਣੇ ਆਪ ਬੰਦ ਹੋ ਗਈ। ਇਸ ਤਰ੍ਹਾਂ ਥੋੜੇ ਥੋੜੇ ਵਕਫੇ ਬਾਅਦ ਤਿੰਨ ਸੀਟੀਆ ਵੱਜੀਆਂ ਤੇ ਅਸੀ ਭਾਫ ਦੇ ਨਿੱਕਲਣ ਦਾ ਇੰਤਜਾਰ ਕਰਨ ਲੱਗੇ।
ਅਜੇ ਅਸੀ ਕੂਕਰ ਦੇ ਢੱਕਣ ਨੂੰ ਖੋਲਣ ਹੀ ਵਾਲੇ ਸੀ ਕਿ ਸਾਡਾ ਗੁਆਂਢੀ ਤਾਇਆ ਮਾੜੂ ਜਿਸ ਦਾ ਅਸਲ ਨਾਮ ਕੌਰ ਸਿੰਘ ਸੀ ਤੇ ਉਸ ਦਾ ਛੋਟਾ ਭਰਾ ਮਿੱਠੂ ਸਾਡੀ ਛੱਤ ਆਏ।ਅਤੇ ਕਹਿਣ ਲੱਗੇ ਤੁਸੀ ਆਰਾਮ ਨਾਲ ਦੰਦ ਕੱਢੀ ਜਾਂਦੇ ਹੋ ਸੱਪ ਤੁਹਾਡੇ ਘਰੇ ਫੁੰਕਾਰੇ ਮਾਰ ਰਿਹਾ ਹੈ। ਅਸੀ ਆਪ ਸੁਣਿਆ ਹੈ। ਉਹਨਾ ਨੇ ਦੱਸਿਆ ਕਿ ਪਹਿਲਾਂ ਉਹਨਾ ਨੇ ਆਪਣੇ ਘਰ ਦਾ ਕੋਨਾ ਕੋਨਾ ਛਾਣ ਮਾਰਿਆ ਹੈ। ਸੱਪ ਨੇ ਤਿੰਨ ਜੋਰਦਾਰ ਫੁੰਕਾਰੇ ਮਾਰੇ ਹਨ। ਉਹ ਸੱਪ ਜਰੂਰ ਤੁਹਾਡੇ ਹੀ ਘਰੇ ਜਾ ਤੁਹਾਡੀ ਛੱਤ ਤੇ ਹੋਵੇਗਾ। ਅਸੀ ਸਮਝ ਗਏ ਕਿ ਇਹਨਾ ਨੇ ਪ੍ਰੈਸਰ ਕੂਕਰ ਦੀ ਸੀਟੀ ਨੂੰ ਸੱਪ ਦਾ ਫੁੰਕਾਰਾ ਸਮਝ ਲਿਆ ਹੈ।ਅਸੇ ਸਾਰਾ ਟੱਬਰ ਜੋਰ ਜੋਰ ਦੀ ਹੱਸਣ ਲੱਗ ਪਏ। ਜਿਵੇਂ ਜਿਵੇਂ ਅਸੀ ਹੱਸੀਏ ਸਾਡਾ ਤਾਇਆ ਉਵੇਂ ਹੀ ਗੁੱਸੇ ਹੋਵੇ। ਆਖਿਰ ਉਹ ਗਰਮੀ ਖਾ ਗਿਆ । ਕਿਉਂਕਿ ਸਾਡਾ ਸਾਰਾ ਪਰਿਵਾਰ ਤਾਏ ਕੌਰ ਸਿੰਘ ਦੀ ਬਹੁਤ ਇੱਜਤ ਕਰਦਾ ਸੀ ਤਾਏ ਦਾ ਇੱਕੋ ਇੱਕ ਮੁੰਡਾ ਸਿੰਦਰ ਮੇਰਾ ਹਮ ਜਮਾਤੀ ਸੀ ਤੇ ਪੱਕਾ ਆੜੀ ਵੀ । ਜਦੋਂ ਪਾਪਾ ਜੀ ਨੇ ਉਸ ਨੂੰ ਪ੍ਰੈਸਰ ਕੂਕਰ ਬਾਰੇ ਦੱਸਿਆ ਤਾਂ ਉਹ ਹੈਰਾਨ ਹੋ ਗਿਆ। ਫਿਰ ਉਹ ਸਾਰੇ ਜਣੇ ਸਾਡੇ ਘਰੇ ਆ ਗਏ। ਓੁਹਨਾ ਨੇ ਤਿੰਨ ਚਾਰ ਮਿੰਟਾ ਵਿੱਚ ਰਿੱਝੀ ਸਬਜੀ ਦੇਖੀ ਅਤੇ ਉਸ ਦਾ ਸਵਾਦ ਵੇਖਿਆ। ਅਗਲੇ ਦਿਨ ਸਾਰੇ ਪਿੰਡ ਵਿੱਚ ਇਸ ਪ੍ਰੈਸਰ ਕੂਕਰ ਦੀ ਚਰਚਾ ਸੀ । ਔਰਤਾਂ ਚਾਅ ਚਾਅ ਨਾਲ ਉਸ ਜਾਦੂ ਦੀ ਪਤੀਲੀ ਨੂੰ ਵੇਖਣ ਲਈ ਸਾਡੇ ਘਰੇ ਆਉਂਦੀਆਂ ਸਨ ਜਿਸ ਵਿੱਚ ਬਿਨਾ ਕੜ੍ਹਛੀ ਹਿਲਾਏ ਮਿੰਟਾਂ ਵਿੱਚ ਸਬਜੀ ਰਿੱਝ ਜਾਂਦੀ ਹੈ।ਅੱਜ ਕਲ੍ਹ ਪ੍ਰੈਸਰ ਕੂਕਰ ਹਰ ਰਸੋਈ ਦਾ ਜਰੂਰੀ ਹਿੱਸਾ ਹੈ। ਇਸ ਦੇ ਕੰਮ ਤੇ ਕੋਈ ਹੈਰਾਨ ਵੀ ਨਹੀ ਹੁੰਦਾ।
ਰਮੇਸ ਸੇਠੀ ਬਾਦਲ
ਮੋ 98 766 27233

No comments:
Post a Comment