Saturday, 14 September 2013

ਅਸੀਂ ਤੇ ਸਾਡੇ ਬਜੁਰਗ

ਯਾਦਾਂ ਦੇ ਝਰੋਖੇ ਤੋਂ

                                                                 ਅਸੀਂ ਤੇ ਸਾਡੇ ਬਜੁਰਗ  


      “ਕਾਕਾ ਤੂੰ ਕਿੰਨ੍ਹਾਂ ਦਾ ਲੜਕਾ ਹੈ? ਸਰਦਾਰ ਤੇਜਾ ਸਿੰਘ ਬਾਦਲ (ਸ.ਪ੍ਰਕਾਸ  ਸਿੰਘ ਬਾਦਲ ਦੇ ਪੂਜਨੀਕ ਚਾਚਾ ਜੀ ) ਨੇ ਪੁਛਿਆਂ। ਬਹੁਤ ਪੁਰਾਣੀ ਗਲ ਹੈ  ਮੈ ਜੀ, ਸ੍ਰੀ ਹਰਗੁਲਾਲ ਜੀ ਦਾ ਪੋਤਰਾ ਹਾਂ ਘੁਮਿਆਰੇ ਤੋਂ।“ ਅਛਾ ਅਛਾ ਸੇਠ ਹਰਗੁਲਾਲ। ਮੈ ਜਾਣਦਾ ਹਾਂ ਚੰਗੀ ਤਰ੍ਹਾਂ ਉਹਨਾਂ ਨੂੰ। ਸਰਦਾਰ ਸਾਹਿਬ ਨੇ ਕਿਹਾ। ਮੈਨੂੰ ਬਹੁਤ ਹੈਰਾਨੀ ਹੋਈ ਏਡਾ ਵਡਾ ਸਰਦਾਰ ਮੇਰੇ ਦਾਦਾ ਜੀ ਨੂੰ ਐਨੀ ਚੰਗੀ ਤਰ੍ਹਾਂ ਕਿਵੇ ਜਾਣਦਾ ਹੈ। ਪਰ ਇਹ ਮੇਰੇ ਦਾਦਾ ਜੀ ਦੀ ਲਿਆਕਤ ਤੇ ਰੁਤਬੇ ਦਾ ਹੀ ਕਮਾਲ ਸੀ।ਇਲਾਕੇ ਭਰ ‘ਚ ਨਾਂ ਸੀ ਉਹਨਾਂ ਦਾ।
              ਜੰਦਗੀ ਚ ਬਹੁਤ ਪਾਪੜ ਵੇਲੇ ਤੇ ਦੁਖਾਂ ਦਾ ਸਾਹਮਣਾ  ਕੀਤਾ। ਕਦੇ ਫਰੀਦ ਕੋਟ ਕੋਟਲੀ, ਕਦੇ ਸ੍ਰੀ ਗਂਗਾਨਗਰ ਰਾਜਸਥਾਨ ‘ਚ ਦੁਕਾਨਦਾਰੀ ਕੀਤੀ ਘੁਮਿਆਰੇ ਰਹਿਕੇ ਉਹਨਾ ਨੇ ਬਣਵਾਲੇ (ਹਰਿਆਣੇ) ਚ ਵਾਹੀ ਕੀਤੀ । ਆਪਣੀਆਂ ਚਾਰ ਭੈਣਾਂ ਦਾ ਬੋਝ ਤੇ ਉਹ ਵੀ ਆਪਣੇ ਚਾਰੇ ਬਚਿਆਂ ਦੀ ਜਿੰਮੇਦਾਰੀ ਘਰ ਦੀ ਸੁਆਣੀ ਤੋਂ ਬਿਨਾਂ ਉਠਾਉਣਾ ਤੇ ਕਬੀਲਦਾਰੀ ਚਲਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ।ਇਸ ਤਰ੍ਹਾਂ  ਅਠ ਦਿਨਾਂ ਦੇ ਮਾਂ ਵਿਹੂਣੇ ਬਚੇ ਨੂੰ ਪਾਲਣਾ ਤੇ ਦੋ ਧੀਆਂ ਤੇ ਦੋ ਪੁਤਰਾਂ ਦੇ ਪਰਿਵਾਰ ਦੇ ਨਾਲ ਨਾਲ ਚਾਰ ਭੈਣਾ ਦੀ ਜਿੰਮੇਦਾਰੀ ਵੀ ਇਕਲੇ ਮੇਰੇ ਦਾਦੇ ਦੇ ਸਿਰ ਸੀ। ਪਿੰਡ ਵਿਚ ਰਹਿੰਦੀ ਉਹਨਾਂ ਦੀ ਭੂਆ ਜਿਸ ਨੂੰ ਸਾਰੇ ਭੂਆ ਬਿਸ਼ਨੀ ਕਹਿੰਦੇ ਸਨ, ਨੂੰ ਵੀ ਪੇਕਿਆਂ ਵਾਲਾ ਮਾਣ ਦੇਣਾ ਉਹ ਕਦੇ ਨਹੀ ਭੁਲੇ। ਚਾਰੇ ਭੈਣਾਂ ਮੇਰੇ ਦਾਦਾ ਜੀ ਨੂੰ ਬਾਈ ਕਹਿੰਦੀਆਂ ਸਨ। ਬਾਈ ਯਾਨੀ ਭਰਾ। ਆਪਣੀਆਂ ਭੂਆ ਦੀ ਰੀਸੋ ਰੀਸ ਮੇਰੇ ਪਾਪਾ ਜੀ ਤੇ ਚਾਚਾ ਜੀ ਅਤੇ ਦੋਨੇ ਭੂਆ ਮੇਰੇ ਦਾਦੇ ਨੂੰ ਬਾਈ ਹੀ ਕਹਿੰਦੀਆ ਸਨ। ਅਤੇ ਇਹੋ ਰੀਤ ਮੇਰੀ ਮਾਂ ਤੇ ਚਾਚੀ ਨੇ ਵੀ ਨਿਭਾਈ।ਹਾਂ ਅਸੀ ਸਾਰੇ ਮੇਰੇ ਦਾਦਾ ਜੇ ਨੂ ਬਾਬਾ ਕਹਿਦੇ ਸੀ। ਤੇ ਸਾਡੇ ਬਚੇ ਵੀ ਸਾਰੇ ਬਾਬਾ ਹੀ ਆਖਦੇ ਸਨ।
               ਮੇਰੇ ਦਾਦਾ ਜੀ  ਦਾ ਰੋਬ ਤੇ ਦਬਦਬਾ ਸਾਡੇ ਸਾਰੇ ਪਰਿਵਾਰ ਤੇ ਹੀ ਨਹੀ ਸਗੋਂ ਸਾਰੇ ਪਿੰਡ ਤੇ ਇਲਾਕੇ ਦੇ ਨਾਲ_ਨਾਲ ਸਾਡੀਆਂ ਰਿਸ਼ਤੇਦਾਰੀਆਂ ਵਿਚ ਵੀ ਸੀ। ਘਰ ਦੇ ਜਆਈ ਭਾਈ ਮਤਲਵ ਮੇਰੇ ਦਾਦੇ ਦਾ ਫੁਫੜ (ਭੂਆ ਬਿਸ਼ਨੀ ਦੇ ਘਰ ਵਾਲਾ) ਜਿਸ ਨੂੰ ਸਾਰੇ ਬਾਬਾ ਸਾਉਣ ਆਖਦੇ ਸਨ। ਅਸਲ ਨਾਂ ਤਾਂ ਸ੍ਰੀ ਸਾਵਨ ਸਿੰਘ ਸੀ। ਚਾਰੇ ਜੀਜੇ ਤੇ ਦੋਵੇ ਜਵਾਈ ਇਥੋਂ ਤਕ ਕਿ ਮੇਰੇ ਜੀਜਾ ਜੀ ਉਹਨਾਂ ਦੇ ਪੋਤ ਜਵਾਈ ਵੀ ਉਹਨਾਂ ਦੇ ਅਗੇ ਕੁਸਕਦੇ ਨਹੀ ਸਨ। ਦੇਖਣ ਆਦਿ ਨੂੰ ਤਾਂ ਦਾਦਾ ਜੀ ਦਾ ਚੇਹਰਾ ਮੋਹਰਾ ਬਹੁਤ ਵਧੀਆ ਸੀ। ਲਾਲ ਲਾਜਪਤ ਰਾਏ ਸਟਾਇਲ ਮੁਛਾ, ਸਾਫ ਸੇਵ ਕੀਤਾ ਚੇਹਰਾ, ਚਿਟੀ ਪਗ,  ਚਿਟਾ ਕੁੜਤਾ ਤੇ ਚਾਦਰਾ ਮੋਡੇ ਤੇ ਸਾਫਾ। ਉਸ ਸਮੇ ਬਹੁਤੇ ਹਿੰਦੂ ਲੋਕ ਵੀ ਸਿਰ ਤੇ ਪਗ ਬੰਨਦੇ ਸਨ। ਕਿਉਂਕਿ ਨੰਗੇ ਸਿਰ ਬਾਹਰ ਅੰਦਰ ਜਾਣਾ ਬੁਰਾ ਮੰਨਦੇ ਸਨ। ਖੇਤੀ ਬਾੜੀ ਦੇ ਨਾਲ ਨਾਲ ਦੁਕਾਨਦਾਰੀ ਹੀ ਰੋਜੀ ਰੋਟੀ ਦਾ ਸਾਧਨ ਸੀ। ਹਰ ਪਾਸੇ ਮੇਹਨਤ ਤੇ ਪੂਰੀ ਸ਼ਦਤ ਨਾਲ ਕੰਮ ਦੀ ਲਗਣ ਨੇ ਕਦੇ ਉਹਨਾਂ ਨੂੰ ਭੁਖੇ ਮਰਨ ਨੀ ਦਿਤਾ ਤੇ ਕਿਸੇ ਰਿਸਤੇਦਾਰ ਅਗੇ ਹਥ ਅਡਣ ਲਈ ਮਜਬੂਰ ਨਹੀ ਕੀਤਾ।ਅਤੇ ਇਮਾਨਦਾਰੀ ਦੀ ਬੀਮਾਰੀ ਨੇ ਕਦੇ ਸ਼ਾਹੀ ਠਾਠ ਨਹੀ ਲੈਣ ਦਿਤੇ। ਦੁਧ ਵੇਚਣ ਵਾਲਾ ਭਾਡਾ ਧੌਣ ਦੀ ਵੀ ਮਨਾਹੀ ਸੀ ਕਿਉਂਕਿ ਅਖੇ ਸੋਂਹੁ ਤਾਂ ਛਿਟੇ ਦੀ ਵੀ  ਓਨੀ ਤੇ ਜਿਆਦਾ ਪਾਣੀ ਦੀ ਓਨੀ।
                ਇਕ ਹੋਰ ਵੀ ਰੁਤਵਾ ਸੀ ਮੇਰੇ ਦਾਦਾ ਜੇ ਕੋਲ। ਉਹ ਸਾਰੇ ਪਿੰਡ ਦਾ ਧੜਵਾਈ ਸੀ। ਯਾਨੀ ਸਾਰੇ ਪਿੰਡ ਦਾ ਸੇਠ। ਹਰ ਘਰ ਦੇ ਸੀਰੀਆਂ ਦਾ ਹਿਸਾਬ ਕਿਤਾਬ ਮੇਰੇ ਦਾਦਾ ਜੀ  ਨੇ ਰਖਣਾ ਹੁੰਦਾ ਸੀ। ਸੀਰੀਆਂ ਦਾ ਠੇਕਾ ਲਿਖਣਾ।ਹਾੜੀ ਦੀ ਫਸਲ ਨੂੰ ਤੋਲਣਾ। ਸਾਰੀ ਸਾਰੀ ਰਾਤ ਚਮੜੇ ਦੇ ਪਲਿਆਂ ਵਾਲੀ ਤਕੜੀ ਨਾਲ 100 ਸੋ ਮਣ ਜਾ ਜਿਆਦਾ ਕਣਕ ਤੋਲਣੀ। ਸ਼ਿਫਰ ਵੰਡਣੀ। ਸਾਰੀ ਰਾਤ ਕਣਕ ਤੋਲ ਕੇ ਸਵੇਰੇ ਖੇਸ ਵਿਚ ਪਾਕੇ ਵੀਹ ਪੰਚੀ ਕਿਲੋ ਕਣਕ ਅਪਣੀ ਮੇਹਨਤਾਨੇ ਦੇ ਰੂਪ ਵਿਚ ਲਿਆਉਣੀ।ਸਾਰੇ ਪਿੰਡ ਦੇ ਵਿਆਹ ਸ਼ਾਦੀਆਂ ਦੇ ਨਿਉਂਦਰੇ (ਸਗਨ) ਦਾ ਹਿਸਾਬ ਵੀ ਮੇਰੇ ਦਾਦਾ ਜੀ ਕੋਲ ਹੀ ਹੁੰਦਾ ਸੀ। ਉਸ ਸਮੇ ਰਿਸ਼ਤੇਦਾਰ ਵਲੋ ਜੋ  ਪੈਸਾ ਦਿਤਾ ਜਾਂਦਾ ਸੀ ਉਸ ਨੂੰ ਸ਼ਗਨ ਨਹੀ ਬਲਕਿ ਨਿਉਂਦਰਾ ਆਖਦੇ ਸਨ। ਉਹ ਇਕ ਤਰਾਂ ਦੀ ਮਾਲੀ ਸਹਾਇਤਾ ਹੁੰਦੀ ਸੇ ਕਈ ਘਰਾਂ ਦੇ ਵਿਆਹ ਦਾ ਕੰਮ ਕਾਰ ਨਿਉਂਦਰੇ ਦੇ ਇਕਠੇ ਹੋਣ ਤੋ ਬਾਅਦ ਹੀ ਸ਼ੁਰੂ  ਹੁੰਦਾ ਸੀ ਇਸ ਕੰਮ ਲਈ ਵਡੀਆਂ ਵਡੀਆਂ ਲਾਲ ਵਹੀਆਂ ਲਗਾਈਆ ਹੁੰਦੀਆਂ ਸਨ।ਜੋ  ਕੇ ਸਾਡੇ ਦਰਵਾਜੇ ਵਿਚਲੀ ਹਰੀ ਅਲਮਾਰੀ ਵਿਚ ਹੀ ਪਈਆ ਹੁੰਦੀਆਂ ਸਨ। ਵਿਆਹ ਤੋ ਦੋ ਤਿੰਨ ਦਿਨ ਪਹਿਲਾ ਮੇਰੇ ਦਾਦਾ ਜੀ  ਨੂੰ ਸ਼ਪੈਸਲ ਬੁਲਾ ਕੇ ਨਿਉਂਦਰਾ ਲਿਖਣ ਲਈ ਬੁਲਾਇਆ ਜਾਂਦਾ। ਹਰ ਘਰ ਪਿਛਲੇ ਨਿਉਂਦੇ ਨਾਲੋ ਕੁਝ ਵਧ ਰਕਮ ਦੇ ਕੇ ਆਪਣੇ ਵਲੋ ਕੁਝ ਅਡਵਾਂਸ ਜਮਾਂ ਕਰਵਾਉਂਦੇ ਸਨ। ਨਿਓਨ੍ਦ੍ਰੇ  ਲਈ ਸਦਾ ਦੇਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਘਰ ਵਿਚ ਹਲਵਾ ਬਨਾਇਆ ਜਾਂਦਾ ਸੀ। ਉਹ ਤੋਲ ਤੋਲ ਕੇ ਥਾਲੀਆ ਵਿਚ ਪਾਕੇ ਪਿੰਡ ਦੇ ਨਾਈ ਰਾਂਹੀ ਘਰੋ ਘਰੀ ਭੇਜਿਆ ਜਾਂਦਾ ਸੀ।ਜਿਸ ਨੂੰ ਪਰੋਸੇ ਦੇਣਾ ਆਖਿਆ ਜਾਂਦਾ ਸੀ, ਨਾਲ ਹੀ ਨਿਉਂਦੇ ਦਾ ਸਦਾ। ਇਸ ਕੰਮ ਲਈ ਪਿਤਲ ਦੀਆਂ ਕਿਨਾਰੇ ਵਾਲੀਆਂ ਚਾਰ ਪੰਜ ਸੋ ਥਾਲੀਆਂ ਸਾਰੇ ਪਿੰਡ ਵਲੋ ਸਾਂਝੀਆ ਖਰੀਦੀਆਂ ਗਈਆਂ ਸਨ ।ਉਹ ਥਾਲੀਆਂ ਵੀ ਵਿਆਹ ਵਾਲਾ ਘਰ ਸਾਡੇ ਘਰੋ ਇਕ ਦਿਨ ਪਹਿਲਾ ਗਿਣ ਕੇ ਲੈ ਜਾਂਦਾ ਸੀ ਤੇ ਵਿਆਹ ਤੋ ਬਾਅਦ ਧੋ ਕੇ ਗਿਣਵਾ ਕੇ ਵਾਪਿਸ ਕਰ ਜਾਂਦਾ ਸੀ। ਇਸ ਕੰਮ ਨੂੰ ਸਾਡੇ ਪਿੰਡ ਦੇ ਇਕ ਦੋ ਮਹਾਜਾਨ ਪਰਿਵਾਰਾਂ ਨੇ ਹਥਿਆਉਣ ਦੀ ਕੋਸ਼ਿਸ਼  ਕੀਤੀ ਨਿਰਾਸ਼ਾ  ਹੀ ਹੱਥ ਲਗੀ।
                   ਮੇਰੇ ਦਾਦਾ ਜੀ ਬੋਲ ਬਾਣੀ ਦੇ ਕੋੜੇ ਸਨ। ਮਿਠਾ ਬੋਲਣਾ ਸ਼ਾਇਦ ਉਹਨਾਂ ਦੇ ਹਿਸੇ ਹੀ ਨਹੀ ਸੀ ਆਇਆ ਕਿਉਂਕਿ ਪਾਰਵਾਰਿਕ ਜਿਮੇਦਾਰੀਆਂ  ਨੇ ਉਹਨਾਂ ਨੂੰ ਗੁਸੈਲ ਬਣਾ ਦਿਨੂੰਤਾ ਸੀ।ਪਰ ਉਹ ਕੋੜਾ ਬੋਲਣ ਵਾਲੇ ਦਿਲ ਦੇ ਸਾਫ ਸਨ। ਸ਼ਾਇਦ ਏਸੇ ਲਈ ਸਾਰੇ ਪਿੰਡ ਵਾਲੇ  ਉਹਨਾਂ ਦੀ ਇਜਤ ਕਰਦੇ ਸਨ। “ਬਾਈ ਤੂੰ ਪਿੰਡ ਛਡ ਕੇ ਸ਼ਹਿਰ ਕਿਉ ਨਹੀ ਆ ਜਾਂਦਾ ਸਾਡੇ ਕੋਲ? ਇਕ ਦਿਨ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ। “ਨਹੀ ਓਮ ਪ੍ਰਕਾਸ਼  ਮੈਂ ਪਿੰਡ ਹੀ ਰਹਿਣਾ ਚਾਹੁੰਦਾ ਹਾਂ ਉਥੇ ਹੀ ਮਰਨਾਂ ਚਹੁੰਦਾ ਹਾਂ।  ਜੇ ਮੈ ਮੰਡੀ ਮਰਿਆ ਤਾਂ ਲੋਕੀ ਕਹਿਣਗੇ ਕਿ ਕਾਨੂੰਨਗੋ ਦਾ ਪਿਉ ਮਰ ਗਿਆ ਪਰ ਜੇ ਮੈਂ ਪਿੰਡ ਚ  ਮਰਿਆ ਤਾਂ ਲੋਕੀ ਕਹਿਣਗੇ ਕਿ ਸੇਠ ਹਰਗੁਲਾਲ ਮਰ ਗਿਆ। ਕਿਉਂਕਿ ਇਲਾਕੇ ਚ ਤਾਂ ਮੇਨੂੰ ਸਭ ਜਾਣਦੇ ਨੇਂ । ਮੈ ਉਹਨਾਂ ਦੀ ਸੋਚ ਦੇਖਕੇ ਬਹੁਤ ਹੈਰਾਨ ਹੋਇਆ ਆਖਿਰ ਉਹ ਮੇਰੇ ਚਾਚੇ ਨਾਲ ਪਿੰਡ ਛਡ ਕੇ ਸ਼ਹਿਰ ਆ ਗਏ। ਉਹ ਸਫੇਦ ਕਪੜੇ ਪਾਕੇ ਕੁਰਸੀ ਡਾਹ ਕੇ ਬਾਹਰ ਬੈਠ ਜਾਂਦੇ ਅਤੇ ਆਓਂਦੇਜਾਂਦੇ ਦਾ ਹਾਲ ਚਾਲ ਪੁਛਦੇ।ਉਸ ਦੀ ਇਸ ਖੈਰ ਸੁਖ ਪੁਛਣ ਦੀ ਆਦਤ ਨੇ ਉਸ ਨੂੰ ਸ਼ਹਿਰ ਵਿਚ ਵੀ ਮਸ਼ਹੂਰ ਕਰ ਦਿਤਾ ਤੇ ਲੋਕੀ ਉਸ ਨੂੰ ਸੇਠ ਹਰਗੁਲਾਲ ਦੇ ਨਾਂ ਨਾਂਲ ਜਾਨਣ  ਲਗੇ ਤੇ ਸਾਨੂੰ ਹਰਗੁਲਾਲ ਦੇ ਪੋਤੇ।ਜਦੋ ਉਹ ਏਸ ਸੰਸਾਰ ਤੋਂ ਵਿਦਾ ਲੈ ਕੇ ਗਏ ਤਾਂ ਸਾਰਾ ਪਿੰਡ ਵਹੀਰਾਂ ਘਤ ਕੇ ਉਹਨਾਂ ਨੂੰ ਸਰਧਾਂਜਲੀ ਦੇਣ ਆਇਆ ਤੇ ਸ਼ਹਿਰ ਦਾ ਵੀ ਕੋਈ ਬੰਦਾ ਘਰ ਨਾ ਰਿਹਾ। ਮ੍ਰਿਤਕ ਦੇਹ ਉਪਰ ਇਕਠੇ ਹੋਏ ਖੇਸ, ਚਾਦਰਾਂ ਤੇ ਕੰਬਲ ਹੀ ਉਹਨਾਂ ਜਿੰਦਗੀ  ਦੌਰਾਨ ਜਮਾਂ ਕੀਤੀ ਹੋਈ ਪੂੰਜੀ ਦਾ ਸਬੂਤ ਸਨ।
ਰਮੇਸ਼  ਸੇਠੀ ਬਾਦਲ
ਮੋ_98 766 27233

No comments:

Post a Comment