Tuesday, 3 September 2013

ਗੋਪੀ........ ਨਹੀ ਗੋਪੀ ਭਈਆ

ਗੋਪੀ ਭਈਆ ਦਾ ਨਾਂ ਸੁਣ ਕੇ ਇਉਂ ਲਗਦਾ ਹੈ ਜਿਵੇਂ ਉਹ ਕੋਈ ਬਿਹਾਰੀ ਜਾ ਯੂਪੀ ਤੋਂ ਆਇਆ ਭਈਆ ਜੋ ਇਥੇ ਮਿਹਨਤ ਮਜਦੂਰੀ ਕਰਦਾ ਹੋਵੇ । ਨਹੀ ਉਸ ਦਾ ਅਸਲ ਨਾਂ ਹੈ ਗਿਆਨ ਚੰਦ ਗੋਇਲ । ਪਰ ਏਸ ਨਾਮ ਨਾਲ ਉਸ ਨੂੰ ਕੋਈ ਨਹੀ ਜਾਣਦਾ । ਹੋਸਟਲ ਦੀਆਂ ਛੋਟੀਆਂ ਬੱਚੀਆ ਤੋਂ ਲੈ ਕੇ ਬਾਰ੍ਹਵੀ ਦੀਆਂ ਵੱਡੀਆਂ ਵੀ  ਉਸ ਨੂੰ ਭਰਾ ਕਹਿਣ ਲਈ ਗੋਪੀ ਭਈਆ ਦੇ ਨਾ ਨਾਲ ਬਲਾਉਦੀਆਂ । ਇਹ ਉਸ ਦੇ ਵਰਤਾਉ ਦਾ ਹੀ ਨਤੀਜਾ ਸੀ ਕਿ ਉਹ ਸਭ ਦਾ ਭਰਾ ਸੀ । ਨਹੀ ਤਾਂ ਹੋਸਟਲਾਂ ਦੀਆਂ ਕੁੜੀਆਂ ਤਾਂ ਕਿਸੇ ਨੂੰ ਢੰਗ ਨਾਲ ਘੱਟ ਹੀ  ਬੁਲਾਉਂਦੀਆਂ ਹਨ ।
"ਗੋਪੀ ਭਈਆ ਫੁਲਕਾ?........ ਪਹਿਲਾ ਮੇਨੂ ਦਿਉ........... ਗੋਪੀ  ਭਈਆ ਸਬਜੀ ..... ਗੋਪੀ ਭਈਆ ਪਾਣੀ..... ਗੋਪੀ ਭਈਆ ਪਿਆ ਫੁਲਕਾ  ਤਾ ਦੇ ਦਿਉ ........... ਮੇਸ ਵਿੱਚ ਹਰ ਕੋਈ ਚੀਖਦਾਂ 'ਲਉ ਜੀ ਫੁਲਕਾ  ਗਰਮਾਂ ਗਰਮ .........ਸ਼ਬਜੀ  ........ ਹੋਰ ਪਾਵਾਂ ........ ਖਾ ਲਉ ਬੇਟਾ ਖਾ ਲਉ......... ਬਹੁਤ ਸੁਆਦ ਬਣੀ ਹੈ ! ਲਉ-ਲਉ, ਹੋਰ ਲਉ ............ ਬੱਸ ? ..........ਜਲਦੀ ਬੱਸ ਕਰ ਗਏ ? ਪਰ "ਸੱਚੀ ਬਹੁਤ ਬੋਲਦਾ ....... ਪਰ ਖਵੋਉਂਦਾ  ਬੜੇ ਪਿਆਰ ਨਾਲ ....... ਕਈ ਵਾਰ ਤਾਂ ਧੱਕੇ ਨਾਲ ਹੀ ਇੱਕ-ਦੋਂ ਫੁਲਕੇ ਵੱਧ ਖੁਵਾ ਦਿੰਦਾ । ਸਾਡਾ ਸਭ ਦਾ ਪਿਆਰਾ ਗੋਪੀ ਭਈਆ। ਹੋਸਟਲ ਦੀਆਂ ਕੁੜੀਆਂ ਅਕਸਰ ਆ ਕੇ ਕਹਿੰਦੀਆ ।ਕਈ ਸੀਨੀਅਰ ਨੇ ਆ ਕੇ ਦੱਸਿਆ ਕਿ ਗੋਪੀ ਭਈਏ ਨੂੰ ਤਾਂ ਅਸੀ ਚੰਡੀਗੜ੍ਹ, ਲੁਧਿਆਣੇ ਤੇ ਪਟਿਆਲੇ ਦੇ ਕਾਲਜਾਂ ਵਿੱਚ ਪੜ੍ਹਦੀਆਂ ਅਕਸਰ ਵੀ ਯਾਦ ਕਰਦੀਆਂ ਹਾਂ।    
                                             ਕੋਈ 20-22 ਵਰ੍ਹੇ ਪਹਿਲਾ ਉਹ ਹੋਸਟਲ ਵਿੱਚ ਨਵੇਂ........ ਮੈਸ  ਠੇਕੇਦਾਰ ਨਾਲ ਆਇਆ ਇਕਹਿਰਾ ਬਦਨ, ਕੱਦ ਛੋਟਾ ਇੱਕ ਮੁੰਡੂ ਜਿਹਾ ਤੇ ਪਤਾ ਨਹੀ ਲੱਗਾ ਕਦੋਂ ਉਹ ਗੋਪੀ ਤੋਂ ਗੋਪੀ ਭਈਆ ਬਣ ਗਿਆ । ਗੋਪੀ ਤੇ ਦੋ ਲੜਕੀਆਂ ਤੇ ਦੋ ਲੜਕਿਆਂ ਦਾ ਬਾਪ ਹੁੰਦਾ ਹੋਇਆ  ਵੀ ਤੇ ਖੁਦ ਵੀ  ਲੜਕਾ ਜਿਹਾ ਲੱਗਦਾ । ਉਸ ਦੇ ਬੱਚੇ ਅਬੋਹਰ ਰਹਿੰਦੇ ਸਨ । ਕਦੇ-ਕਦੇ ਉਹ ਪਾਟੀ ਜਿਹੀ ਡਾਇਰੀ ਤੇ ਨੰਬਰ ਵਿਖਾ ਕੇ ਫੋਨ ਲਈ ਕਹਿੰਦਾ,"ਬਾਬੂ ਜੀ ਉਸ਼ਾ ਨਾਲ ਗੱਲ ਕਰਵਾ ਦਿਉ । ਊਸ਼ਾ ਉਸ ਦੀ ਘਰਵਾਲੀ ਦਾ ਨਾਮ ਹੈ । ਉਸ ਨਾਲ ਉਹ ਘਰ-ਬਾਰ ਅਤੇ ਰਿਸ਼ਤੇਦਾਰੀ ਆਦਿ ਦੀਆਂ ਸਿਆਣੀਆਂ- ਸਿਆਣੀਆਂ ਗੱਲਾਂ ਕਰਦਾ । ਘਰੇ ਫੋਨ ਕਰਨ ਵੇਲੇ ਉਹ ਬਹੁਤ ਸੀਰੀਅਸ ਹੋ ਜਾਂਦਾ ।
                                   ਇਥੇ ਚਾਹੇ ਉਹ ਮੈਸ ਵਰਕਰ ਹੈ ਪਰ ਪਰਿਵਾਰਕ ਪਿਛੋਕੜ ਉਸ ਦਾ ਕਾਫ਼ੀ ਵਧੀਆਂ ਹੈ ।ਉਸ ਦੀਆਂ ਸ਼ਾਦੀ-ਸ਼ੁਦਾ ਲੜਕੀਆਂ ਦੇ ਫੋਨ ਅਕਸਰ ਆਉਦੇਂ ਤੇ ਉਹ ਉਹਨ੍ਹਾਂ ਨਾਲ ਬੜੀਆਂ ਚੰਗੀਆਂ ਗੱਲਾਂ ਕਰਦਾ ਤੇ ਉਹਨ੍ਹਾਂ ਨੂੰ ਨਸੀਹਤ ਵੀ ਦਿੰਦਾ । ਚਾਹੇ ਉਹ ਕਿਨ੍ਹਾਂ ਵੀ ਮਜਾਕੀਆ ਹੈ ਪਰ ਬੇਟੀਆਂ ਨਾਲ ਗੱਲਾਂ ਕਰਦਾ ਉਹ ਇੱਕ ਸੀਰੀਅਸ ਤੇ ਜੁਮੇਵਾਰ ਬਾਪ ਨਜਰ ਆਉਂਦਾ । ਪਹਿਲਾ-ਪਹਿਲ ਉਹ ਸਾਬਕਾ ਸਾਬ ਦੇ ਘਰੇ ਹੁੰਦਾ ਸੀ ਤੇ ਸਾਬ ਦਾ ਹੁਕਮ ਸਿੱਧਾ ਅਗਲੇ ਨੂੰ ਸੁਣਾ ਦਿੰਦਾ । ਇਓ   ਲਗਦਾ ਜਿਵੇਂ ਸਾਹਿਬ ਹੀ ਬੋਲ ਰਹੇ ਹੋਣ । ਹੁਕਮ ਸੁਣਾਉਣ ਵਾਲਾ ਅੰਦਾਜ ਵੀ ਸਾਹਬ ਵਾਲਾ ਹੀ ਹੁੰਦਾ । ਮੌਜੂਦਾ ਸਾਬ ਨਾਲ ਵੀ ਉਸਦਾ ਉਹੀ ਰਿਸ਼ਤਾ ਹੈ ਅਤੇ ਉਹ ਅਜੇਹੀਆਂ ਜੁੰਮੇਵਾਰੀਆਂ ਨਿਭਾਉਣ ਦਾ ਮਾਹਿਰ ਹੋ ਗਿਆ । ਜਦੋਂ ਦਿਲ 'ਚ ਆਇਆ ਤਾ ਚੱਕੀ ਬਾਈਕ ਤੇ ਫੁਰ........... ਮੈਨੂੰ ਤਾ ਇਹ ਵੀ ਉਸ ਵਿੱਚ ਗੁਣ ਹੀ ਨਜਰ  ਆਉਂਦਾ ।
ਅਮੀਰ ਖਾਨਦਾਨ ਦਾ ਗਰੀਬ ਤੇ ਮਿਹਨਤੀ ਗੋਪੀ........ ਗੋਪੀ ਤਾਂ ਕਮਲਾ ਹੈ ........ ਘਰੇ ਬੈਠ ਕੇ ਆਪਣਾ ਕੰਮ ਧੰਦਾ ਕਿਉ ਨਹੀ ਕਰਦਾ ? ..... ਥੋੜੀ ਜਿਹੀ ਤਨਖਾਹ ਨਾਲ ਕੀ ਬਣਦਾ ਹੈ ਏਸ ਮਹਿੰਗਾਈ ਦੇ ਯੁੱਗ ਵਿੱਚ ।ਜਿਨ੍ਹੇ ਬੰਦੇ ਓਨੀਆਂ ਗੱਲਾਂ, ਤੇ ਸਾਰੇ ਹੀ ਸਿਆਣੇ ਬਣਦੇ । "ਮੈਂ ਕੀ ਕਰਾਂ ਬਾਬੂ  ਜੀ, ਘਰੇ ਮੇਰਾ ਦਿਲ ਨਹੀ ਲੱਗਦਾ । ਵਿਹਲਾ ਮੈਂਥੋ ਬੇਠ ਨਹੀ ਹੁੰਦਾ । ਇਹ ਬੱਚਿਆਂ ਦੀ ਰੌਣਕ ਤੇ ਕੰਮ ਦੀ ਮਾਰਾ ਮਾਰੀ, ਮੇਰੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ । ਮੈਨੂੰ ਹੋਸਟਲ ਦੇ ਬੱਚੇ ਮੇਰੇ ਆਪਣੇ ਬੱਚਿਆਂ ਨਾਲੋਂ ਵੱਧ ਪਿਆਰੇ ਲੱਗਦੇ ਹਨ ਤੇ ਹੁਣ ਤਾਂ ਮੇਰਾ ਇਹੀ ਘਰ ਹੈ । ਤੇ ਕਮਲੇ ਵਾਲੀ ਗੱਲ ਦਾ ਤਾ ਕੋਈ ਥਹੁ ਪਤਾ ਨਹੀ ਲੱਗਦਾ ਕਿ ਕਿਉ ਕਹਿੰਦੇ ਹਨ । ਹਾਂ ਇਕ ਦਿਨ ਉਸ ਨੂੰ ਕਿਸੇ ਬੱਚੇ ਦਾ ਸੋਨੇ ਦਾ ਗਹਿਣਾ ਮਿਲਿਆ । ਸ਼ਾਇਦ ਸੀ ਵੀ ਉਹ ਚਾਰ ਪੰਜ ਹਜ਼ਾਰ  ਦਾ .......... ਤੇ ਜਾ ਕੇ ਸਕੂਲ ਮੁੱਖੀ ਕੋਲ ਜਮ੍ਹਾਂ ਕਰਵਾ ਦਿੱਤਾ । ਭਰੀ ਸਭਾ ਵਿੱਚ ਗੋਪੀ ਨੂੰ ਨਗਦ ਇਨਾਮ ਨਾਲ ਸਨਮਾਨਿਆਂ ਗਿਆ । ਤੇ ਕਮਲਾ ਤਾ ਆਪੇ ਹੀ ਹੋਇਆ ਨਾ  ਗੋਪੀ ? ਜੇ ਕੋਈ ਹੋਰ ਹੁੰਦਾ ਤਾਂ ਏਸ ਇਨਾਮ ਤੇ ਸ਼ਾਬਾਸ਼ੀ ਦੇ ਚੱਕਰ ਵਿੱਚ ਨਾ ਪੈਂਦਾ ਪਰ ਉਸ ਦੀ ਇਸ ਹਰਕਤ ਨੇ ਉਨੂੰ ਘਰ ਘਟਾਵਾਂ ਤਾਂ ਬਣਾ ਦਿੱਤਾ ਪਰ ਇਸ ਨਾਲ ਹੀ ਉਸ ਦੀ ਸ਼ਖ਼ਸੀਅਤ ਨਾਲ ਇਕ ਮੋਤੀ ਹੋਰ ਜੁੜ ਗਿਆ ।
                                    ਅਕਸਰ ਗੋਪੀ ਸਾਥੀ ਮੁਲਾਜਮਾਂ ਦੇ ਘਰੇਲੂ ਦੁੱਖ-ਸੁੱਖ ਦਾ ਹਿੱਸਾ ਵੀ ਬਣਦਾ। ਏਹ ਨਹੀਂ ਕਿ ਪਾਰਟੀ ਤੇ ਗਿਆ, ਖਾ ਪੀ ਕੇ, ਢਿੱਡ ਤੇ ਹੱਥ ਫੇਰ ਕੇ ਮੁੜ ਆਇਆ । ਨਹੀ । ਉਥੇ ਜਾ ਕੇ ਵੀ ਉਸ ਦੇ ਹੱਥ ਬਦੋਬਦੀ ਕੰਮ ਵੱਲ ਵੱਧ ਜਾਦੇ । ਪਾਣੀ ਪਿਆਉਣਾ, ਖਾਣਾ ਖਵਾਉਣਾ ਜਿਵੇਂ ਉਸ ਦਾ ਸ਼ੌਕ ਹੀ ਹੋਵੇ । ਦੁੱਖ ਦੀ ਘੜੀ ਵਿੱਚ ਉਹ ਕਦੇ ਦਰੀ ਉਪਰ ਬੈਠ ਕੇ, ਹੱਥ ਜੋੜ ਕੇ ਵਾਪਿਸ ਨਹੀ ਆਉਂਦਾ । ਸਗੋਂ ਦੁੱਖ ਨੂੰ ਵਡਾਉਣ ਲਈ ਦੁਖੀ ਪਰਿਵਾਰ ਦੇ ਕੰਮਾਂ ਨੂੰ ਕਰਕੇ ਇੱਕ ਜਿੰਮੇਵਾਰ ਸਖਸ਼ ਹੋਣ ਦਾ ਅਹਿਸਾਸ ਕਰਉਦਾ ਹੈ । ਮੌਂਤ ਦੇ ਝਟਕੇ ਦਾ ਦੁੱਖ ਝੇਲਦੇ ਪਰਿਵਾਰ ਲਈ ਤਾ ਉਹ ਇਕ ਕਾਮਾ ਬਣਕੇ ਮੋਕੇ ਦੀਆਂ ਜੁੰਮੇਵਾਰੀਆਂ ਨੂੰ ਪੂਰੀਆਂ ਕਰਦਾ ਹੈ । ਹਾਂ ਗੋਪੀ ਤੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ  ਦੇ ਕਈ ਅਹਿਸਾਨ ਹੋਣਗੇ ਪਰ ਜਿਨੇ ਜੋਗਾ ਗੋਪੀ ਹੈ ਉਸ ਤੋਂ ਉਹ ਕਦੇ ਪਿੱਛੇ ਨਹੀ ਹਟਿਆ । ਗੋਪੀ......... ਨਹੀ-ਨਹੀ ਗੋਪੀ ਭਈਆ।
ਕਿਸੇ ਦੀ ਅਮੀਰੀ, ਸੁੰਦਰਤਾ ਤੇ ਸਿਆਣਪ ਨਾਲੋ ਵੱਡਾ ਗੁਣ ਉਸ ਦਾ ਸਮਾਜਿਕ ਹੋਣਾ ਹੁੰਦਾ ਹੈ । ਏਹ ਹੀ ਸ੍ਰੇਸ਼ਟ ਗੁਣ ਹੈ ਤੇ ਜਿਆਦਾਤਰ ਅਮੀਰ ਤੇ ਸੁੰਦਰ ਲੋਕਾਂ ਵਿੱਚ ਇਸ ਗੁਣ ਦੀ ਘਾਟ ਪਾਈ ਜਾਂਦੀ ਹੈ ਪਰ ਗੋਪੀ ਭਈਆ ਵਰਗੇ ਕੁਝ ਅਣਗੌਲੇ ਲੋਕ ਜੋ ਕਿ ਸਾਡੇ ਵਿੱਚ ਹੀ ਵਿਚਰਦੇ ਹਨ  ਅਮੀਰੀ ਤੇ ਸੁੰਦਰਤਾ  ਰਹਿਤ ਹੋਣ ਕਰਕੇ ਇਸ ਗੁਣ ਦੇ ਹੋਣ ਦੇ ਬਾਵਜੂਦ ਸਾਡੀ ਸੋਚ ਦਾ ਹਿੱਸਾ ਨਹੀ ਬਣ ਸਕਦੇ ।ਇਸ ਸਮਾਜੀ ਬੰਦਿਆਂ ਨੂੰ ਪਛਾਨਣ ਲਈ ਵੀ ਕਿਸੇ ਵਿਸ਼ੇਸ ਅੱਖ ਦੀ ਜਰੂਰਤ ਹੁੰਦੀ ਹੈ । ਇਹ ਸਾਡੇ ਸਮਾਜ ਦਾ ਮਹੱਤਵਪੂਰਨ ਅੰਗ ਹੁੰਦੇ ਹਨ ਤੇ ਗੋਪੀ ਭਈਆ ਬਾਰੇ ਸੋਚਦੇ-ਸੋਚਦੇ ਨੂੰ ਮੈਨੂੰ ਨੀਂਦ ਆ ਗਈ ।

ਰਮੇਸ ਸੇਠੀ ਬਾਦਲ
ਮੋ 98 766 27233

No comments:

Post a Comment